Sangrur Meritorious School incident: : ਸੰਗਰੂਰ ਦੇ ਘਾਬਦਾ 'ਚ ਮੈਰੀਟੋਰੀਅਸ ਸਕੂਲ 'ਚ ਫੂਡ ਪੁਆਇਜ਼ਨਿੰਗ ਦੌਰਾਨ ਬਿਮਾਰ ਹੋਏ 40 ਬੱਚਿਆ ਤੋਂ ਬਾਅਦ ਸਿੱਖਿਆ ਵਿਭਾਗ ਦੀ ਅੱਖ ਖੁੱਲ੍ਹ ਗਈ ਹੈ। ਸਿੱਖਿਆ ਵਿਭਾਗ ਨੇ ਹੁਣ ਸਾਰੇ ਸਕੂਲਾਂ ਨੂੰ ਲੈ ਕੇ ਹੁਕਮ ਜਾਰੀ ਕਰ ਦਿੱਤੇ ਹਨ। ਵਿਭਾਗ ਨੇ ਸੰਗਰੂਰ ਦੀ ਘਟਨਾ ਤੋਂ ਸਬਕ ਲੈਂਦਿਆਂ ਨਿਰਦੇਸ਼ ਜਾਰੀ ਕੀਤੇ ਕਿ ਵਿਦਿਆਰਥੀਆਂ ਨੂੰ ਖਾਣਾ ਪਰੋਸਣ ਤੋਂ ਪਹਿਲਾਂ ਮਿਡ-ਡੇ ਮੀਲ ਸਕੀਮ ਇੰਚਾਰਜ ਤੇ ਸਕੂਲ ਮੁਖੀ ਖ਼ੁਦ ਖਾਣਾ ਖਾ ਕੇ ਚੈੱਕ ਕਰਨਗੇ।
ਇਸ ਦੇ ਨਾਲ ਹੀ ਚਿਤਾਵਨੀ ਵੀ ਜਾਰੀ ਕੀਤੀ ਹੈ ਕਿ ਜੇ ਇਸ ਦੇ ਬਾਵਜੂਦ ਇਸ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਹੁੰਦੀ ਹੈ ਤਾਂ ਇਸ ਲਈ ਸਕੂਲ ਮੁਖੀ ਤੇ ਮਿਡ-ਡੇ ਮੀਲ ਇੰਚਾਰਜ ਜ਼ਿੰਮੇਵਾਰ ਹੋਣਗੇ। ਵਿਭਾਗ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਜਾਰੀ ਪੱਤਰ ’ਚ ਕਿਹਾ ਗਿਆ ਹੈ ਕਿ ਮਿਡ-ਡੇ ਮੀਲ ਸਕੂਲ ਦੇ ਵਿਦਿਆਰਥੀਆਂ ਨੂੰ ਰੋਟੀ ਦੇਣ ਤੋਂ ਪਹਿਲਾਂ ਅਧਿਆਪਕ ਵੱਲੋਂ ਇਸ ਨੂੰ ਖਾਣਾ ਲਾਜ਼ਮੀ ਹੈ।
ਫਿਰ ਵੀ ਸਕੂਲ ਵਿਦਿਆਰਥੀਆਂ ਦੀ ਸਿਹਤ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਹਦਾਇਤ ਦਿੱਤੀ ਜਾਂਦੀ ਹੈ ਕਿ ਵਿਦਿਆਰਥੀਆਂ ਨੂੰ ਮਿਡ-ਡੇ ਮੀਲ ਦੇਣ ਤੋਂ ਪਹਿਲਾਂ ਮਿਡ-ਡੇ ਮੀਲ ਵਰਕਰ, ਉਸ ਤੋਂ ਬਾਅਦ ਸਬੰਧਤ ਇੰਚਾਰਜ ਤੇ ਅੰਤ 'ਚ ਸਕੂਲ ਮੁਖੀ ਵੱਲੋਂ ਇਸ ਨੂੰ ਖਾ ਕੇ ਜਾਂਚਿਆ ਜਾਵੇਗਾ।
2 ਦਸੰਬਰ ਨੂੰ ਘਾਬਦਾ ਦੇ ਮੈਰੀਟੋਰੀਅਸ ਸਕੂਲ ਦੇ 40 ਬੱਚੇ ਅਚਾਨਕ ਬਿਮਾਰ ਹੋ ਗਏ ਸਨ। ਹੋਸਟਲ ਦਾ ਖਾਣਾ ਖਾਣ ਤੋਂ ਬਾਅਦ ਵਿਦਿਆਰਥੀਆਂ ਦੀ ਤਬੀਅਤ ਵਿਗੜ ਗਈ । ਹਸਪਤਾਲ ਨੇ ਦੱਸਿਆ ਕਿ ਫੂਡ ਪੁਆਇਜ਼ਨਿੰਗ ਦੀ ਵਜ੍ਹਾ ਕਰਕੇ ਬੱਚਿਆਂ ਨੇ ਢਿੱਡ ਵਿੱਚ ਦਰਦ ਅਤੇ ਉਲਟੀ ਦੀ ਸ਼ਿਕਾਇਤ ਕੀਤੀ ਸੀ। ਸਵੇਰੇ ਇਸੇ ਸਕੂਲ ਦੇ 35 ਹੋਰ ਬੱਚਿਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਉਨ੍ਹਾਂ ਨੂੰ ਵੀ ਫੂਡ ਪੁਆਇਜ਼ਨਿੰਗ ਦੀ ਹੀ ਸ਼ਿਕਾਇਤ ਹੈ। ਡਾਕਟਰ ਨੇ ਕਿਹਾ ਬੱਚਿਆਂ ਦੀ ਹਾਲਤ ਸਟੇਬਲ ਹੈ ਅਸੀਂ ਫੂਡ ਦੇ ਸੈਂਪਲ ਲੈਣ ਦੇ ਲਈ ਇੱਕ ਟੀਮ ਭੇਜੀ ਸੀ। ਉਧਰ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਦੇ ਖਿਲਾਫ ਸਖਤ ਐਕਸ਼ਨ ਲਿਆ ਹੈ।