Sangrur News: ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਐਲਾਨ ਕੀਤਾ ਕਿ ਰੇਲਵੇ ਬਹੁਤ ਜਲਦੀ ਧੁੂਰੀ ਵਿਖੇ ਐਲਸੀ 62ਏ ਰੇਲਵੇ ਫਾਟਕ ਦੇ ਨਾਲ ਓਵਰਬ੍ਰਿਜ਼ ਬਣਾਉਣ ਦੀ ਮਨਜ਼ੂਰੀ ਦੇਵੇਗਾ। ਇਹ ਪ੍ਰਾਜੈਕਟ ਲੰਬੇ ਸਮੇਂ ਤੋਂ ਇਥੋਂ ਦੇ ਨਿਵਾਸੀਆਂ ਦੀ ਮੰਗ ਸੀ। ਇਸ ਮੌਕੇ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਾਇਆ ਕਿ ਉਹ ਇੱਕ ਅਜਿਹੇ ਪ੍ਰਾਜੈਕਟ ਦਾ ਝੂਠਾ ਸਿਹਰਾ ਲੈ ਰਹੇ ਹਨ, ਜਿਸ ਲਈ ਉਨ੍ਹਾਂ ਵਲੋਂ ਕੋਈ ਕੋਸ਼ਿਸ਼ ਨਹੀਂ ਕੀਤੀ ਗਈ।

ਬਿੱਟੂ ਨੇ ਕਿਹਾ, “ਮੁੱਖ ਮੰਤਰੀ ਨੇ ਅੱਜ ਟਵੀਟ ਕਰਦਿਆਂ ਕਿਹਾ ਕਿ ਓਵਰਬ੍ਰਿਜ਼ ਦੀ ਨਿਰਮਾਣ ਲਈ ₹54.76 ਕਰੋੜ ਉਪਲਬਧ ਹਨ। ਇਹ ਬਿਆਨ ਪੂਰੀ ਤਰ੍ਹਾਂ ਭ੍ਰਮਕ ਹੈ। ਪਿਛਲੇ ਤਿੰਨ ਸਾਲਾਂ ਵਿੱਚ ਮਾਨ ਸਰਕਾਰ ਨੇ ਰਾਜ ਭਰ ਵਿੱਚ ਕਿਸੇ ਵੀ ਲਾਗਤ-ਸਾਂਝੀ ਓਵਰਬ੍ਰਿਜ਼ ਯੋਜਨਾ ਲਈ ਰੇਲਵੇ ਨੂੰ ਇੱਕ ਰੁਪਇਆ ਵੀ ਨਹੀਂ ਦਿੱਤਾ। ਜੇ ਉਨ੍ਹਾਂ ਨੇ ₹54.76 ਲੱਖ ਵੀ ਭੇਜੇ ਹੋਣ, ਤਾਂ ਉਹ ਇਸ 'ਤੇ ਪ੍ਰੈਸ ਕਾਨਫਰੰਸ ਕਰਦੇ। ਇਹ ₹54.76 ਕਰੋੜ ਦੀ ਗੱਲ ਸਿਰਫ਼ ਦਿੱਖਾਵਾ ਹੈ।”

ਉਨ੍ਹਾਂ ਨੇ ਪੁੱਛਿਆ, “ਕੀ ਮੁੱਖ ਮੰਤਰੀ ਦੱਸ ਸਕਦੇ ਹਨ ਕਿ ਇਹ ਰਕਮ ਕਿਸ ਖਾਤੇ ਵਿੱਚ ਪਈ ਹੈ ਤੇ ਅੱਜ ਤੱਕ ਜਾਰੀ ਕਿਉਂ ਨਹੀਂ ਹੋਈ?”

ਬਿੱਟੂ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਇਥੋਂ ਦੇ ਸਥਾਨਕ ਨਿਵਾਸੀਆਂ ਨੇ ਉਨ੍ਹਾਂ ਨੂੰ ਮਿਲ ਕੇ ਆਪਣੀਆਂ ਸਮੱਸਿਆਵਾਂ ਦੱਸੀ ਹਾਂ ਅਤੇ ਉਨ੍ਹਾਂ ਦੀ ਗੁਹਾਰ ਸੁਣਨ ਤੋਂ ਬਾਅਦ ਉਨ੍ਹਾਂ ਨੇ ਇਹ ਮਾਮਲਾ ਉੱਚ ਪੱਧਰ 'ਤੇ ਉਠਾਇਆ। ਉਨ੍ਹਾਂ ਨੇ ਦੋਸ਼ ਲਾਇਆ, “ਧੁਰੀ ਤੋਂ ਵਿਧਾਇਕ ਹੋਣ ਦੇ ਬਾਵਜੂਦ ਮੁੱਖ ਮੰਤਰੀ ਨੇ ਇਸ ਲੰਬੇ ਸਮੇਂ ਤੋਂ ਲਟਕ ਰਹੀ ਮੰਗ ਨੂੰ ਲੈ ਕੇ ਕੋਈ ਢੁੱਕਵਾਂ ਕਦਮ ਨਹੀਂ ਚੁੱਕਿਆ। ਹੁਣ ਜਦੋਂ ਕਿ ਰੇਲਵੇ ਨੇ ਪਹਿਲ ਕੱਢੀ ਹੈ, ਤਾਂ ਭਗਵੰਤ ਮਾਨ ਬੇਸ਼ਰਮੀ ਨਾਲ ਇਸ ਦਾ ਸਿਹਰਾ ਲੈਣ ਦੀ ਕੋਸ਼ਿਸ਼ ਕਰ ਰਹੇ ਹਨ।”

ਧੁਰੀ ਦੌਰੇ ਦੌਰਾਨ ਮੀਡੀਆ ਨਾਲ ਗੱਲ ਕਰਦੇ ਹੋਏ ਬਿੱਟੂ ਨੇ ਕਿਹਾ ਕਿ ਉਨ੍ਹਾਂ ਨੂੰ ਸਥਾਨਕ ਭਾਜਪਾ ਆਗੂਆਂ ਤੇ ਨਾਗਰਿਕ ਗਰੁੱਪਾਂ ਵਲੋਂ ਕਈ ਵਾਰ ਫਾਟਕ ਤੇ ਓਵਰਬ੍ਰਿਜ਼ ਦੀ ਤੁਰੰਤ ਲੋੜ ਦੱਸੀ ਗਈ ਸੀ ਕਿਉਂਕਿ ਇਹ ਫਾਟਕ ਘੰਟਿਆਂ ਤੱਕ ਬੰਦ ਰਹਿੰਦਾ ਹੈ ਜਿਸ ਨਾਲ ਸ਼ਹਿਰ ਦੋ ਹਿੱਸਿਆਂ 'ਚ ਵੰਡ ਜਾਂਦਾ ਹੈ ਅਤੇ ਰੋਜ਼ਾਨਾ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਅਕਸਰ ਰੇਲਵੇ ਲਾਈਨ ਪਾਰ ਕਰਨ ਲਈ ਤਿੰਨ ਤੋਂ ਚਾਰ ਘੰਟੇ ਤੱਕ ਉਡੀਕ ਕਰਨੀ ਪੈਂਦੀ ਹੈ।