ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਸੰਗਰੂਰ ਅਤੇ ਬਰਨਾਲਾ ਜ਼ਿਲ੍ਹਿਆਂ ਦੇ ਦੌਰੇ 'ਤੇ ਰਹਿਣਗੇ। ਆਪਣੇ ਦੌਰੇ ਦੌਰਾਨ ਉਹ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਨਗੇ ਅਤੇ ਲੋਕ ਭਲਾਈ ਨਾਲ ਸਬੰਧਤ ਕਈ ਮਹੱਤਵਪੂਰਨ ਪਹਿਲਕਦਮੀਆਂ ਨੂੰ ਹਰੀ ਝੰਡੀ ਦੇਣਗੇ। ਇਸ ਦੌਰੇ ਨੂੰ ਸੰਗਰੂਰ ਅਤੇ ਧੂਰੀ ਖੇਤਰ ਦੇ ਵਿਕਾਸ ਲਈ ਅਹਿਮ ਮੰਨਿਆ ਜਾ ਰਿਹਾ ਹੈ।

Continues below advertisement

ਸੰਗਰੂਰ ਨੂੰ ਅੱਜ ਵੱਡੀ ਸੌਗਾਤ ਦੇਣਗੇ ਸੀਐਮ ਮਾਨ

ਮੁੱਖ ਮੰਤਰੀ ਸੰਗਰੂਰ ਦੇ ਇਤਿਹਾਸਕ ਬਨਾਸਰ ਬਾਗ ਵਿੱਚ 9.5 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਆਧੁਨਿਕ ਸਵੀਮਿੰਗ ਪੂਲ ਦਾ ਉਦਘਾਟਨ ਕਰਨਗੇ। ਇਸ ਪ੍ਰੋਜੈਕਟ ਨਾਲ ਜ਼ਿਲ੍ਹੇ ਵਿੱਚ ਖੇਡਾਂ ਦਾ ਬੁਨਿਆਦੀ ਢਾਂਚਾ ਹੋਰ ਮਜ਼ਬੂਤ ਹੋਵੇਗਾ ਅਤੇ ਨੌਜਵਾਨ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੀਆਂ ਸਹੂਲਤਾਂ ਉਪਲਬਧ ਹੋਣਗੀਆਂ। ਧੂਰੀ ਹਲਕੇ ਦੇ ਲੋਕਾਂ ਨੂੰ ਟ੍ਰੈਫਿਕ ਜਾਮ ਦੀ ਸਮੱਸਿਆ ਤੋਂ ਰਾਹਤ ਦਿਵਾਉਣ ਲਈ ਮੁੱਖ ਮੰਤਰੀ ਕਰੀਬ 54 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਰੇਲਵੇ ਓਵਰਬ੍ਰਿਜ ਦਾ ਨੀਂਹ ਪੱਥਰ ਵੀ ਰੱਖਣਗੇ। ਇਸ ਪੁਲ ਦੇ ਬਣਨ ਨਾਲ ਰੇਲਵੇ ਫਾਟਕ 'ਤੇ ਲੱਗਣ ਵਾਲੀਆਂ ਲੰਬੀਆਂ ਕਤਾਰਾਂ ਤੋਂ ਰਾਹਤ ਮਿਲੇਗੀ ਅਤੇ ਆਵਾਜਾਈ ਨੂੰ ਹੋਰ ਸੁਚਾਰੂ ਬਣਾਉਣ ਵਿੱਚ ਮਦਦ ਮਿਲੇਗੀ। ਮੁੱਖ ਮੰਤਰੀ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 50 ਡਾਕੂਮੈਂਟਰੀ ਮੋਬਾਈਲ ਵੈਨਾਂ ਨੂੰ ਵੀ ਹਰੀ ਝੰਡੀ ਦਿਖਾਉਣਗੇ। ਇਹ ਵੈਨਾਂ ਪੰਜਾਬ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਜਾ ਕੇ ਗੁਰੂ ਰਵਿਦਾਸ ਜੀ ਦੇ ਜੀਵਨ, ਦਰਸ਼ਨ ਅਤੇ ਅਧਿਆਤਮਿਕ ਸਿੱਖਿਆਵਾਂ ਦਾ ਪ੍ਰਚਾਰ ਕਰਨਗੀਆਂ ਅਤੇ ਲੋਕਾਂ ਨੂੰ ਉਨ੍ਹਾਂ ਦੇ ਸੰਦੇਸ਼ ਨਾਲ ਜੋੜਨ ਦਾ ਕੰਮ ਕਰਨਗੀਆਂ।

Continues below advertisement

ਮਹਿਲ ਕਲਾਂ ਵਿੱਚ ਲੋਕ ਮਿਲਣੀ ਪ੍ਰੋਗਰਾਮ ਵਿੱਚ ਕਰਨਗੇ ਸ਼ਿਰਕਤ

ਸੰਗਰੂਰ ਦਾ ਦੌਰਾ ਪੂਰਾ ਕਰਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਰਨਾਲਾ ਜ਼ਿਲ੍ਹੇ ਦੇ ਪਿੰਡ ਮਹਿਲ ਕਲਾਂ ਪਹੁੰਚਣਗੇ, ਜਿੱਥੇ ਉਹ ਸ਼ਾਮ 6 ਵਜੇ ਆਯੋਜਿਤ ਵਿਸ਼ੇਸ਼ ਲੋਕ ਮਿਲਣੀ ਪ੍ਰੋਗਰਾਮ ਵਿੱਚ ਸ਼ਿਰਕਤ ਕਰਨਗੇ। ਇਸ ਦੌਰਾਨ ਉਹ ਲੋਕਾਂ ਨਾਲ ਸਿੱਧਾ ਸੰਵਾਦ ਕਰਦੇ ਹੋਏ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਸ਼ਿਕਾਇਤਾਂ ਸੁਣਨਗੇ। ਨਾਲ ਹੀ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਯੋਜਨਾਵਾਂ, ਵਿਕਾਸ ਕਾਰਜਾਂ ਅਤੇ ਭਵਿੱਖ ਦੀਆਂ ਪਹਿਲਕਦਮੀਆਂ ਬਾਰੇ ਵੀ ਲੋਕਾਂ ਨੂੰ ਜਾਣਕਾਰੀ ਦੇਣਗੇ।