Punjab News: ਪੰਜਾਬ ਵਿੱਚ ਨਵੇਂ ਬਣੇ ਪੰਚਾਂ ਲਈ ਅੱਜ ਸੂਬੇ ਭਰ ਵਿੱਚ ਸਮਾਗਮ ਕਰਵਾਏ ਗਏ । ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਨੇ ਸੰਗਰੂਰ ਨੇ ਕਰਵਾਏ ਸਮਾਗਮ ਵਿੱਚ ਪੰਚਾਂ ਨੂੰ ਸਹੁੰ ਚੁਕਵਾਈ ਤੇ ਨਵੀਆਂ ਜ਼ਿੰਮੇਵਾਰੀਆਂ ਲਈ ਸਭ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ,ਜ਼ਿਲ੍ਹਾ ਸੰਗਰੂਰ ਦੇ ਪਿੰਡ ਲੱਡਾ ਕੋਠੀ ਵਿਖੇ ਲੋਕਤੰਤਰ ਦੀ ਨੀਂਹ ਗ੍ਰਾਮ ਪੰਚਾਇਤਾਂ ਦੇ ਨਵੇਂ ਚੁਣੇ ਗਏ ਪੰਚ ਸਾਹਿਬਾਨਾਂ ਦੇ ਸਹੁੰ ਚੁੱਕ ਸਮਾਗਮ ‘ਚ ਸ਼ਿਰਕਤ ਕੀਤੀ। ਅੱਜ ਸੰਗਰੂਰ ਸਮੇਤ 19 ਜ਼ਿਲ੍ਹਿਆਂ 'ਚ ਪੰਚ ਸਾਹਿਬਾਨਾਂ ਦੇ ਜ਼ਿਲ੍ਹਾ ਪੱਧਰੀ ਸਹੁੰ ਚੁੱਕ ਸਮਾਗਮ ਕਰਵਾਏ ਗਏ। ਸਾਰੇ ਪੰਚ ਸਾਹਿਬਾਨਾਂ ਨੂੰ ਪੰਜਾਬ ਦੇ ਚੰਗੇ ਭਵਿੱਖ ਲਈ ਇਕੱਠੇ ਹੋ ਕੇ ਕੰਮ ਕਰਨ ਲਈ ਸਹੁੰ ਚੁਕਾਈ। ਨਵੀਆਂ ਜ਼ਿੰਮੇਵਾਰੀਆਂ ਲਈ ਸਭ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।
ਮੈਨੂੰ ਉਮੀਦ ਹੈ ਕਿ ਸਾਰੇ ਪੰਚ ਸਾਹਿਬਾਨ ਪੰਜਾਬ ਦੇ ਲੋਕਾਂ ਦੀਆਂ ਆਸਾਂ-ਉਮੀਦਾਂ ‘ਤੇ ਖਰੇ ਉਤਰਨਗੇ ਅਤੇ ਪਿੰਡਾਂ ਦੇ ਵਿਕਾਸ ਲਈ ਬਿਨਾਂ ਪੱਖਪਾਤ ਦੇ ਪੂਰੀ ਇਮਾਨਦਾਰੀ ਨਾਲ ਕੰਮ ਕਰਨਗੇ
ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਇੱਕ ਪੰਚਾਇਤ ਪਿੰਡ ਦੀ ਕਾਇਆ ਪਲਟ ਸਕਦੀ ਹੈ। ਮੇਰੀ ਪਿੰਡ ਦੀਆਂ ਪੰਚਾਇਤਾਂ ਨੂੰ ਅਪੀਲ ਹੈ ਕਿ ਉਹ ਪਿੰਡ ਨੂੰ ਜਾਂਦੇ ਰਾਹਾਂ, ਫਿਰਨੀਆਂ ਅਤੇ ਟਿਊਬਵੈੱਲਾਂ 'ਤੇ ਵੱਧ ਤੋਂ ਵੱਧ ਰੁੱਖ ਲਗਾਉਣ ਤਾਂ ਜੋ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਿਆ ਜਾ ਸਕੇ।
ਮਾਨ ਨੇ ਕਿਹਾ ਕਿ ਕਾਨੂੰਨ ਮੁਤਾਬਕ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਸਾਲ 'ਚ 2 ਵਾਰ ਗ੍ਰਾਮ ਸਭਾ ਕਰਵਾਉਣੀਆਂ ਜ਼ਰੂਰੀ ਹਨ। ਜਿਸ ਵਿੱਚ ਪਿੰਡ ਦੇ ਚੱਲ ਰਹੇ ਅਤੇ ਹੋਣ ਵਾਲੇ ਵਿਕਾਸ ਕਾਰਜਾਂ ਬਾਰੇ ਪਿੰਡ ਵਾਸੀਆਂ ਨੂੰ ਸੰਖੇਪ 'ਚ ਜਾਣਕਾਰੀ ਦੇ ਕੇ ਅਗਲੀ ਰਣਨੀਤੀ ਬਾਰੇ ਵਿਚਾਰ ਚਰਚਾ ਕੀਤੀ ਜਾਵੇ।