Sangrur News: ਸੰਗਰੂਰ ਅਦਾਲਤ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਮਾਣਹਾਨੀ ਦੇ ਇੱਕ ਮਾਮਲੇ ਵਿੱਚ ਸੰਮਨ ਜਾਰੀ ਕੀਤਾ ਹੈ। ਖੜਗੇ ਨੂੰ ਇਹ ਸੰਮਨ ਸੰਗਰੂਰ ਦੇ ਰਹਿਣ ਵਾਲੇ ਅਤੇ ਹਿੰਦੂ ਸੁਰੱਖਿਆ ਪ੍ਰੀਸ਼ਦ ਬਜਰੰਗ ਦਲ ਹਿੰਦ ਦੇ ਸੰਸਥਾਪਕ ਹਿਤੇਸ਼ ਭਾਰਦਵਾਜ ਵੱਲੋਂ ਦਾਇਰ ਪਟੀਸ਼ਨ 'ਤੇ ਜਾਰੀ ਕੀਤੇ ਗਏ ਹਨ।
100 ਕਰੋੜ ਦਾ ਕੀਤਾ ਹੈ ਮਾਣਹਾਨੀ ਦਾ ਕੇਸ
ਹਿਤੇਸ਼ ਭਾਰਦਵਾਜ ਨੇ ਹਾਲ ਹੀ ਵਿੱਚ ਹੋਈਆਂ ਕਰਨਾਟਕ ਚੋਣਾਂ ਦੌਰਾਨ ਬਜਰੰਗ ਦਲ ਖ਼ਿਲਾਫ਼ ਅਪਮਾਨਜਨਕ ਟਿੱਪਣੀਆਂ ਕਰਨ ਲਈ ਖੜਗੇ ਖ਼ਿਲਾਫ਼ 100 ਕਰੋੜ ਰੁਪਏ ਦਾ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ। ਸਥਾਨਕ ਅਦਾਲਤ ਦੀ ਸਿਵਲ ਜੱਜ (ਸੀਨੀਅਰ ਡਵੀਜ਼ਨ) ਰਮਨਦੀਪ ਕੌਰ ਦੀ ਅਦਾਲਤ ਨੇ ਖੜਗੇ ਨੂੰ 10 ਜੁਲਾਈ ਨੂੰ ਤਲਬ ਕੀਤਾ ਹੈ।
ਬਜਰੰਗ ਦਲ ਦੀ ਤੁਲਨਾ ਰਾਸ਼ਟਰ ਵਿਰੋਧੀ ਸੰਗਠਨਾਂ ਨਾਲ ਕੀਤੀ
ਪਟੀਸ਼ਨਕਰਤਾ ਹਿਤੇਸ਼ ਭਾਰਦਵਾਜ ਨੇ ਦਾਅਵਾ ਕੀਤਾ ਹੈ ਕਿ ਕਾਂਗਰਸ ਨੇ ਬਜਰੰਗ ਦਲ ਦੀ ਤੁਲਨਾ ਦੇਸ਼ ਵਿਰੋਧੀ ਸੰਗਠਨਾਂ ਨਾਲ ਕੀਤੀ ਹੈ। ਕਰਨਾਟਕ 'ਚ ਸੱਤਾ 'ਚ ਆਉਣ ਤੋਂ ਬਾਅਦ ਬਜਰੰਗ ਦਲ 'ਤੇ ਪਾਬੰਦੀ ਲਗਾਉਣ ਦਾ ਵਾਅਦਾ ਵੀ ਕੀਤਾ।ਭਾਰਦਵਾਜ ਨੇ ਕਿਹਾ ਕਿ ਵੀਰਵਾਰ ਨੂੰ ਜਦੋਂ ਉਨ੍ਹਾਂ ਦੇਖਿਆ ਕਿ ਚੋਣ ਮਨੋਰਥ ਪੱਤਰ ਦੇ ਪੰਨਾ ਨੰਬਰ-10 'ਤੇ ਕਾਂਗਰਸ ਨੇ ਬਜਰੰਗ ਦਲ ਦੀ ਤੁਲਨਾ ਰਾਸ਼ਟਰ ਵਿਰੋਧੀ ਸੰਗਠਨਾਂ ਨਾਲ ਕੀਤੀ ਹੈ ਅਤੇ ਚੋਣਾਂ ਜਿੱਤਣ 'ਤੇ ਸੰਗਠਨ 'ਤੇ ਪਾਬੰਦੀ ਲਗਾਉਣ ਦਾ ਵਾਅਦਾ ਕੀਤਾ ਹੈ ਤਾਂ ਉਨ੍ਹਾਂ ਨੇ ਅਦਾਲਤ ਤੱਕ ਪਹੁੰਚ ਕੀਤੀ।
ਜ਼ਿਕਰ ਕਰ ਦਈਏ ਕਿ ਵਿਹਿਪ ਦੀ ਚੰਡੀਗੜ੍ਹ ਇਕਾਈ ਅਤੇ ਉਸ ਦੀ ਯੁਵਾ ਸ਼ਾਖਾ ਬਜਰੰਗ ਦਲ ਨੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ’ਤੇ ਆਪਣੀ ਪਾਰਟੀ ਦੇ ਕਰਨਾਟਕ ਚੋਣ ਮੈਨੀਫੈਸਟੋ ’ਚ ਬਜਰੰਗ ਦਲ ਖਿਲਾਫ ਅਪਮਾਨਜਨਕ ਟਿੱਪਣੀਆਂ ਕਰਨ ਦਾ ਦੋਸ਼ ਲਾਉਂਦਿਆਂ ਉਨ੍ਹਾਂ ਕਾਨੂੰਨੀ ਨੋਟਿਸ ਜਾਰੀ ਕੀਤਾ ਹੈ। ਇਸ ਦੇ ਨਾਲ ਹੀ 100 ਕਰੋੜ ਰੁਪਏ ਦਾ ਹਰਜਾਨਾ ਮੰਗਿਆ ਹੈ। 4 ਮਈ ਨੂੰ ਨੋਟਿਸ ਜਾਰੀ ਕਰ ਕੇ 14 ਦਿਨਾਂ ਦੇ ਅੰਦਰ ਹਰਜਾਨੇ ਦੀ ਮੰਗ ਕੀਤੀ ਸੀ। ਹਾਲੇ ਤੱਕ ਕਾਂਗਰਸ ਵੱਲੋਂ ਉਸ ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।