Drug Against Rally in Faridkot:  ਫ਼ਰੀਦਕੋਟ ਸ਼ਹਿਰ ਵਿੱਚ ਉਸ ਵੇਲੇ ਨਸ਼ਿਆਂ ਖਿਲਾਫ ਆਸਮਾਨ ਗੂੰਜ ਉੱਠਿਆ ਜਦੋਂ ਭਾਰੀ ਗਿਣਤੀ ਵਿੱਚ ਸਕੂਲੀ ਬੱਚਿਆਂ ਨੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਖੇਡਾਂ ਖੇਡ ਕੇ ਅਤੇ ਰੰਗਾ ਰੰਗ ਪ੍ਰੋਗਰਾਮ ਵਿੱਚ ਸ਼ਮੂਲੀਅਤ ਉਪਰੰਤ ਟਿੱਲਾ ਬਾਬਾ ਫਰੀਦ ਤੱਕ ਜਾਗਰੂਕਤਾ ਰੈਲੀ ਕੱਢੀ। 



 ਪ੍ਰੋਗਰਾਮ ਦੇ ਮੁੱਢ ਵਿੱਚ ਬਿੱਲਾ ਮਾਣੇਵਾਲੀਆ ਨੇ ਦੇਸ਼ ਭਗਤੀ ਅਤੇ ਨਸ਼ਿਆਂ ਨੂੰ ਜੜੋਂ ਪੁੱਟ ਸੁੱਟਣ ਲਈ ਪ੍ਰੇਰਿਤ ਕਰਨ ਵਾਲੇ ਗੀਤਾਂ ਨਾਲ ਸਮੂਹ ਹਾਜ਼ਰੀਨ ਨੂੰ ਪੰਜਾਬ ਸਰਕਾਰ ਦੀ ਇਸ ਮੁਹਿੰਮ (ਉਡਾਣ) ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਣ ਲਈ ਸੱਦਾ ਦਿੱਤਾ। ਇਸ ਉਪਰੰਤ ਸਕੂਲੀ ਬੱਚੀਆਂ ਵਲੋਂ ਇੱਕ ਵਾਲੀਵਾਲ ਦਾ ਮੈਚ ਵੀ ਖੇਡਿਆ ਗਿਆ ਜਿਸ ਵਿੱਚ ਖਿਡਾਰੀਆਂ ਨੇ ਸਰਵਿਸ,ਸਮੈਸ਼, ਅੰਡਰ/ਅੱਪਰ ਹੈਂਡ ਪਾਸ, ਕਰਾਸ ਕੋਰਟ ਸ਼ਾਟ, ਕੱਟ ਸ਼ਾਟ, ਵੌਲੀ ਦੇ ਜੌਹਰ ਦਿਖਾਏ ਅਤੇ ਦਰਸ਼ਕਾਂ ਤੋਂ ਤਾੜੀਆਂ ਦੇ ਰੂਪ ਵਿੱਚ ਵਾਹ ਵਾਹ ਖੱਟੀ। ਇਸ ਉਪਰੰਤ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੀ ਅਗਵਾਈ ਕਰ ਰਹੇ ਅਧਿਕਾਰੀਆਂ ਨੇ ਬੱਚਿਆਂ ਨੂੰ ਖੇਡਾਂ ਦੀਆਂ ਕਿੱਟਾਂ ਜਿਵੇਂ ਕਿ ਅਥਲੈਟਿਕ ਬੂਟ ਅਤੇ ਟੀ.ਸ਼ਰਟਾਂ ਦੇ ਕੇ ਹੌਸਲਾ ਅਫਜਾਈ ਕੀਤੀ।


ਇਸ ਮੌਕੇ ਬੱਚਿਆਂ ਨੂੰ ਸੰਬੋਧਿਤ ਹੁੰਦਿਆਂ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਦੀ ਧਰਮ ਪਤਨੀ ਬੇਅੰਤ ਕੌਰ ਸੇਖੋਂ ਨੇ ਪੁਲਿਸ ਨੂੰ ਸੁਝਾਅ ਦਿੱਤੇ ਅਤੇ ਕਿਹਾ ਕਿ ਸਕੂਲਾਂ ਅਤੇ ਹੋਰ ਜਨਤਕ ਥਾਵਾਂ ਤੇ ਸੁਝਾਅ ਬਕਸੇ ਰੱਖਣੇ ਚਾਹੀਦੇ ਹਨ ਤਾਂ ਜੋ ਨਸ਼ੇ ਦੇ ਖਾਤਮੇ ਸਬੰਧੀ ਢੁੱਕਵੇਂ ਉਪਰਾਲੇ ਕੀਤੇ ਜਾ ਸਕਣ ਅਤੇ ਨਸ਼ੇ ਨਾ ਕਰਨ ਸਬੰਧੀ ਸਹੁੰ ਵੀ ਚੁੱਕੀ ਗਈ।


ਐਮ.ਐਲ.ਏ ਜੈਤੋ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਪੂਰੀ ਟੀਮ ਵਲੋਂ ਉਨ੍ਹਾਂ ਨਸ਼ੇ ਵਿੱਚ ਗ੍ਰਸਤ ਲੋਕਾਂ ਜਿਨ੍ਹਾਂ ਨੇ ਨਸ਼ੇ ਦਾ ਸੇਵਨ ਕਰਨਾ ਮੁਕੰਮਲ ਤੌਰ ਤੇ ਬੰਦ ਹੀ ਨਹੀਂ ਕਰ ਦਿੱਤਾ ਬਲਕਿ ਹੋਰਾਂ ਨੂੰ ਵੀ ਇਸ ਅਲਾਹਮਤ ਤੋਂ ਦੂਰ ਰਹਿਣ ਦਾ ਸੁਨੇਹਾ ਦੇ ਰਹੇ ਹਨ, ਨੂੰ ਸਨਮਾਨਿਤ ਕੀਤਾ ਗਿਆ। ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਅਜਿਹੇ ਹੋਰ ਲੋਕਾਂ ਨੂੰ ਮੁਹਰੇ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਹੁਣ ਲੋਕ ਦਿਲੋਂ ਹਰ ਕਿਸਮ ਦੇ ਨਸ਼ੇ ਨੂੰ ਅਲਵਿਦਾ ਆਖਣ ਲਈ ਪੱਕਾ ਮੰਨ ਬਣਾ ਚੁੱਕੇ ਹਨ। ਇਨ੍ਹਾਂ ਲੋਕਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਹਰ ਇਨਸਾਨ ਨੂੰ ਖਾਸ ਕਰ ਬੱਚਿਆਂ ਅਤੇ ਨੌਜਵਾਨਾਂ ਨੂੰ ਮਾਪਿਆਂ ਵਲੋਂ ਕਿਸੇ ਨਾ ਕਿਸੇ ਖੇਡ ਵਿੱਚ ਪਾਉਣਾ ਚਾਹੀਦਾ ਹੈ।




 ਉਨ੍ਹਾਂ ਕਿਹਾ ਕਿ ਉਹ ਅਜਿਹੇ ਕਈ ਲੋਕਾਂ ਨੂੰ ਜਾਣਦੇ ਹਨ ਜਿਹੜੇ ਬਿਨਾਂ ਕਿਸੇ ਨਾਗੇ ਤੋਂ ਤੜਕੇ ਉੱਠ ਕੇ ਦੌੜ,ਸੈਰ,ਸਾਇਕਲਿੰਗ ਅਤੇ ਸਵਿਮਿੰਗ ਕਰਦੇ ਹਨ। ਇਨ੍ਹਾਂ ਲੋਕਾਂ ਮੁਤਾਬਿਕ ਜੇਕਰ ਉਹ ਇੱਕ ਦਿਨ ਵੀ ਕਸਰਤ ਤੋਂ ਵਾਂਝੇ ਰਹਿ ਜਾਣ ਤਾਂ ਉਨ੍ਹਾਂ ਦਾ ਦਿਨ ਵਧੀਆ ਤਰੀਕੇ ਨਾਲ ਨਹੀਂ ਗੁਜ਼ਰਦਾ। ਉਨ੍ਹਾਂ ਦੱਸਿਆ ਕਿ ਖੇਡਾਂ ਵੀ ਇੱਕ ਤਰ੍ਹਾਂ ਦਾ ਨਸ਼ਾ ਹੈ ਅਤੇ ਜੇਕਰ ਇਹ ਨਸ਼ਾ ਬਜਾਰੂ ਨਸ਼ਿਆਂ ਤੇ ਭਾਰੂ ਹੋ ਜਾਵੇ ਤਾਂ ਜਿੰਦਗੀ ਸੁਖਾਲੀ ਹੀ ਨਹੀਂ ਹੋ ਜਾਂਦੀ ਬਲਕਿ ਸਮਾਜ ਵਿੱਚ ਮਾਨ ਅਤੇ ਇੱਜਤ ਵਿੱਚ ਵੀ ਇਜਾਫਾ ਹੋ ਜਾਂਦਾ ਹੈ।


ਐਸ.ਐਸ.ਪੀ  ਹਰਜੀਤ ਸਿੰਘ ਨੇ ਸਕੂਲੀ ਬੱਚੀਆਂ ਦਾ ਵਾਲੀਵਾਲ ਮੈਚ ਦੇਖਣ ਉਪਰੰਤ ਖਿਡਾਰੀਆਂ ਦੀ ਮਿਹਨਤ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਹੁਣ ਜਦੋਂ ਇੰਟਰਨੈਟ ਦੀ ਰਫਤਾਰ ਵਿੱਚ ਚੋਖਾ ਇਜਾਫਾ ਹੋ ਗਿਆ ਹੈ ਤਾਂ ਨੌਜਵਾਨਾਂ ਨੂੰ ਅਜਿਹੀਆਂ ਵੀਡੀਓਜ਼ ਦੇਖਣੀਆਂ ਚਾਹੀਦੀਆਂ ਹਨ ਜਿਸ ਨਾਲ ਉਨ੍ਹਾਂ ਦੀ ਖੇਡ ਵਿੱਚ ਸੁਧਾਰ ਹੋ ਸਕੇ। ਉਨ੍ਹਾਂ ਕਿਹਾ ਕਿ ਅੱਜ ਕੱਲ ਆਨਲਾਈਨ ਟਿਊਟੋਰੀਅਲ ਰਾਹੀਂ ਵੀ ਆਪਣੀ ਖੇਡ ਨੂੰ ਸੁਧਾਰਨ ਵਿੱਚ ਚੋਖਾ ਇਜਾਫਾ ਕੀਤਾ ਜਾ ਸਕਦਾ ਹੈ।