ਸੰਗਰੂਰ: ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ-ਨਿਰਦੇਸ਼ਾਂ ਤੋਂ ਬਾਅਦ ਵਿਦਿਆਰਥੀਆਂ ਨੂੰ ਵੱਡੇ ਪੱਧਰ 'ਤੇ ਸਰਕਾਰੀ ਸਕੂਲਾਂ ‘ਚ ਦਾਖਲ ਕਰਵਾਉਣ ਲਈ ਮੁਹਿੰਮ ਜਾਰੀ ਹੈ। ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਸੰਗਰੂਰ ਵਿੱਚ ਇਸ ਮੁਹਿੰਮ ਨੂੰ ਰਫ਼ਤਾਰ ਦੇਣ ਲਈ ਅੱਜ ਸੰਗਰੂਰ ਵਿਖੇ ਜ਼ਿਲ੍ਹਾ ਦਾਖ਼ਲਾ ਕਮੇਟੀ ਦੇ ਚੇਅਰਮੈਨ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ(ਐ. ਸਿ.)ਸ਼ਿਵਰਾਜ ਕਪੂਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ. ਸਿ.) ਸੰਜੀਵ ਸ਼ਰਮਾ ਦੀ ਪ੍ਰਧਾਨਗੀ ਹੇਠ ਸਿੱਖਿਆ ਅਧਿਕਾਰੀਆਂ ਦੀ ਇੱਕ ਅਹਿਮ ਮੀਟਿੰਗ ਹੋਈ।
ਇਸ ਮੌਕੇ ਸ਼ਿਵਰਾਜ ਕਪੂਰ ਨੇ ਦੱਸਿਆ ਕਿ ਇਸ ਸਾਲ ਲਈ ਜ਼ਿਲ੍ਹੇ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਮੁਹਿੰਮ ਸ਼ੁਰੂ ਹੋ ਚੁੱਕੀ ਹੈ ਜਿਸ ਵਿੱਚ ਸਿੱਖਿਆ ਅਧਿਕਾਰੀ, ਅਧਿਆਪਕ ਅਤੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਰਾਹੀਂ ਘਰ ਘਰ ਤੱਕ ਪਹੁੰਚ ਬਣਾ ਕੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਵਿੱਚ ਲਿਆਂਦਾ ਜਾਵੇਗਾ। ਫਿਲਹਾਲ ਇਸ ਸਾਲ ਦਾਖਲੇ ਵਿੱਚ ਵਾਧੇ ਦਾ 10 ਫੀਸਦੀ ਟੀਚਾ ਰੱਖਿਆ ਗਿਆ ਹੈ ਜਿਸ ਨੂੰ ਹਰ ਹਾਲਤ ਵਿੱਚ ਹਾਸਿਲ ਕਰਨ ਲਈ ਜ਼ਿਲ੍ਹਾ ਪੱਧਰ 'ਤੇ ਵੱਡੀ ਯੋਜਨਾ ਉਲੀਕੀ ਗਈ ਹੈ।
ਇਹ ਵੀ ਪੜ੍ਹੋ: Goindwal Sahib Central Jail : ਗੋਇੰਦਵਾਲ ਜੇਲ੍ਹ ਵੀਡੀਓ ਮਾਮਲੇ ’ਚ ਜੇਲ੍ਹ ਸੁਪਡੈਂਟ ਸਮੇਤ 5 ਪੁਲਿਸ ਅਧਿਕਾਰੀਆਂ ਨੂੰ ਮਿਲੀ ਜ਼ਮਾਨਤ
ਇਸ ਯੋਜਨਾ ਤਹਿਤ ਸਾਰੇ ਬਲਾਕਾਂ ਵਿੱਚ ਪੜਾਅਵਾਰ ਮੀਟਿੰਗਾਂ ਅੱਜ ਤੋਂ ਹੀ ਸ਼ੁਰੂ ਹੋ ਚੁੱਕੀਆਂ ਹਨ। ਉਹਨਾਂ ਕਿਹਾ ਕਿ ਸਿੱਖਿਆ ਮੰਤਰੀ ਦੀਆਂ ਹਦਾਇਤਾਂ ਮੁਤਾਬਿਕ ਅਧਿਆਪਕ ਜੱਥੇਬੰਦੀਆਂ ਤੋਂ ਵੀ ਇਸ ਦਾਖਲਾ ਮੁਹਿੰਮ ਵਿੱਚ ਯੋਗਦਾਨ ਲਿਆ ਜਾਵੇਗਾ ਅਤੇ ਜੇਕਰ ਅਧਿਆਪਕ ਜਥੇਬੰਦੀ ਦੀਆਂ ਕੋਈ ਨਿੱਜੀ ਸਮੱਸਿਆਵਾਂ ਹਨ ਤਾਂ ਉਹਨਾਂ ਦਾ ਨਿਪਟਾਰਾ ਦਫ਼ਤਰੀ ਸਮੇਂ ਤੋਂ ਬਾਅਦ ਕੀਤਾ ਜਾਵੇਗਾ। ਸਾਰਾ ਦਫ਼ਤਰੀ ਸਮਾਂ ਕੇਵਲ ਤੇ ਕੇਵਲ ਵਿੱਦਿਅਕ ਪੱਧਰ ਉੱਚਾ ਚੁੱਕਣ ਅਤੇ ਆਮ ਜਨਤਾ ਤੱਕ ਵਿਭਾਗ ਦੀਆਂ ਸਕੀਮਾਂ ਨੂੰ ਹੁ-ਬ-ਹੂ ਪਹੁੰਚਾਉਣ ਲਈ ਲਗਾਇਆ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਨੋਦ ਕੁਮਾਰ ਹਾਂਡਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ, ਗੁਰਮੀਤ ਸਿੰਘ ਈਸਾਪੁਰ, ਹਰਤੇਜ ਸਿੰਘ ਅਭਿਨਵ ਜੈਦਕਾ, ਗੁਰਦਰਸ਼ਨ ਸਿੰਘ, ਰਾਜਿੰਦਰ ਕੁਮਾਰ, ਸਤਪਾਲ ਸਿੰਘ (ਸਾਰੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ), ਜਸਪ੍ਰੀਤ ਸਿੰਘ ਨਾਗਰਾ ਜ਼ਿਲ੍ਹਾ ਕੋ-ਆਰਡੀਨੇਟਰ ਪ.ਪ.ਪ.ਪ., ਗੋਵਰਧਨ ਸ਼ਰਮਾ ਅਤੇ ਰਾਜਵੀਰ ਸਿੰਘ ਮੌਜੂਦ ਸਨ।
ਇਹ ਵੀ ਪੜ੍ਹੋ: ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੀ ਲਿਫਟ 'ਚ ਭਿੜੇ 2 ਨੌਜਵਾਨ , ਇੱਕ ਨੌਜਵਾਨ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ