Sangrur News: ਮੁੱਖ ਮੰਤਰੀ ਭਗਵੰਤ ਮਾਨ ਦਾ ਸ਼ਹਿਰ ਸੰਗਰੂਰ ਅੰਦੋਲਨਾਂ ਦਾ ਗੜ੍ਹ ਬਣ ਗਿਆ ਹੈ। ਐਤਵਾਰ ਨੂੰ ਵੀ ਮੁੱਖ ਮੰਤਰੀ ਦੀ ਕੋਠੀ ਨੇੜੇ ਜੰਮ ਕੇ ਹੰਗਾਮਾ ਹੋਇਆ। ਮੁੱਖ ਮੰਤਰੀ ਦੀ ਕੋਠੀ ਅੱਗੇ 8736 ਕੱਚੇ ਅਧਿਆਪਕ ਯੂਨੀਅਨ ਦੀ ਅਗਵਾਈ ਹੇਠ ਪੁੱਜੇ ਸੈਂਕੜੇ ਅਧਿਆਪਕਾਂ ਤੇ ਪੁਲਿਸ ਵਿਚਾਲੇ ਖਿੱਚਧੂਹ ਹੋਈ। ਇਸ ਦੌਰਾਨ ਕਈਆਂ ਦੀਆਂ ਪੱਗਾਂ ਲੱਥ ਗਈਆਂ ਤੇ ਕਈ ਮਹਿਲਾ ਅਧਿਆਪਕ ਤੇ ਮਹਿਲਾ ਪੁਲਿਸ ਮੁਲਾਜ਼ਮ ਹੇਠਾਂ ਡਿੱਗ ਪਈਆਂ। ਪੁਲਿਸ ਨਾਲ ਝੜਪ ਤੋਂ ਬਾਅਦ ਰੋਹ ’ਚ ਆਈਆਂ ਦੋ ਮਹਿਲਾ ਅਧਿਆਪਕਾਂ ਨੇ ਆਪਣੇ ’ਤੇ ਪੈਟਰੋਲ ਛਿੜਕ ਲਿਆ ਪਰ ਹੋਰ ਅਧਿਆਪਕਾਂ ਨੇ ਉਨ੍ਹਾਂ ਨੂੰ ਅੱਗ ਨਾ ਲਾਉਣ ਦਿੱਤੀ।
ਦਰਅਸਲ ਪ੍ਰਦਰਸ਼ਨਕਾਰੀ ਮੰਗ ਕਰ ਰਹੇ ਸਨ ਕਿ ਕੱਚੇ ਅਧਿਆਪਕਾਂ ਨੂੰ ਤਨਖਾਹ ਸਕੇਲ ਦੇ ਕੇ ਰੈਗੂਲਰ ਕੀਤਾ ਜਾਵੇ ਤੇ ਬੱਚਿਆਂ ਤੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਵਾਉਣ ਵਾਲੀ ਅਧਿਆਪਕਾ ਮਨਪ੍ਰੀਤ ਕੌਰ ਕਨੋਈ ਦੇ ਤਨਖਾਹ ਵਾਧੇ ਸਣੇ ਨਵੇਂ ਹੁਕਮ ਜਾਰੀ ਕੀਤੇ ਜਾਣ। ਪਿੰਡ ਖੁਰਾਣਾ ਵਿਚ 8736 ਕੱਚੇ ਅਧਿਆਪਕ ਯੂਨੀਅਨ ਦੀ ਅਗਵਾਈ ਹੇਠ ਅਧਿਆਪਕਾਂ ਦਾ ਸੰਘਰਸ਼ 84 ਦਿਨਾਂ ਤੋਂ ਜਾਰੀ ਹੈ। ਇੰਦਰਜੀਤ ਸਿੰਘ ਮਾਨਸਾ 84 ਦਿਨਾਂ ਤੋਂ ਟੈਂਕੀ ਉਪਰ ਡਟਿਆ ਹੋਇਆ ਹੈ।
ਪੰਜਾਬ ਭਰ ਤੋਂ ਅਧਿਆਪਕ ਸੂਬਾ ਪ੍ਰਧਾਨ ਮਨਪ੍ਰੀਤ ਸਿੰਘ ਮੋਗਾ ਦੀ ਅਗਵਾਈ ਹੇਠ ਇੱਥੇ ਨੈਸ਼ਨਲ ਹਾਈਵੇਅ ਦੇ ਬਾਈਪਾਸ ਦੇ ਓਵਰਬ੍ਰਿਜ ਹੇਠ ਇਕੱਠੇ ਹੋਏ ਜਿੱਥੇ ਰੋਸ ਰੈਲੀ ਕੀਤੀ ਗਈ। ਪੁਲਿਸ ਵੱਲੋਂ ਰੈਲੀ ਸਥਾਨ ਤੋਂ ਲੈ ਕੇ ਮੁੱਖ ਮੰਤਰੀ ਦੀ ਰਿਹਾਇਸ਼ ਵਾਲੀ ਕਲੋਨੀ ਦੇ ਮੁੱਖ ਗੇਟ ਤੱਕ ਕਈ ਥਾਵਾਂ ਉਪਰ ਬੈਰੀਕੇਡ ਲਾ ਕੇ ਨਾਕਾਬੰਦੀ ਕੀਤੀ ਗਈ।
ਰੈਲੀ ਮਗਰੋਂ ਰੋਸ ਮਾਰਚ ਕਰਦਿਆਂ ਅਧਿਆਪਕਾਂ ਨੇ ਪੁਲਿਸ ਦੀ ਪਹਿਲੀ ਨਾਕੇਬੰਦੀ ਪੁੱਟ ਦਿੱਤੀ ਤੇ ਪੁਲਿਸ ਨੂੰ ਧੂਹ ਕੇ ਅਧਿਆਪਕ ਅੱਗੇ ਵਧ ਗਏ। ਅਧਿਆਪਕਾਂ ਨੇ ਜਿਉਂ ਹੀ ਕਲੋਨੀ ਦੇ ਮੁੱਖ ਗੇਟ ਨੇੜੇ ਦੂਜੀ ਨਾਕੇਬੰਦੀ ਤੋਂ ਜਬਰੀ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨਾਲ ਝੜਪ ਹੋ ਗਈ। ਇਸ ਦੌਰਾਨ ਦੋਵਾਂ ਦਰਮਿਆਨ ਧੱਕਾਮੁੱਕੀ ਤੇ ਖਿੱਚਧੂਹ ਹੋਈ ਜਿਸ ਦੌਰਾਨ ਕਈਆਂ ਦੀਆਂ ਪੱਗਾਂ ਲੱਥ ਗਈਆਂ, ਕੁਝ ਮਹਿਲਾ ਅਧਿਆਪਕਾਂ ਤੇ ਮਹਿਲਾ ਪੁਲਿਸ ਮੁਲਾਜ਼ਮ ਹੇਠਾਂ ਵੀ ਡਿੱਗ ਪਈਆਂ।
ਇਹ ਵੀ ਪੜ੍ਹੋ: Amritsar News: ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਮਗਰੋਂ ਬੋਲੀ ਪੀਵੀ ਸਿੰਧੂ, ਇੱਥੋਂ ਦੇ ਲੋਕਾਂ ਦਾ ਰਵੱਈਆ ਬਹੁੰਤ ਚੰਗਾ ਲੱਗਿਆ...
ਮੌਕੇ ’ਤੇ ਮੌਜੂਦ ਐਸਪੀ ਪਲਵਿੰਦਰ ਸਿੰਘ ਚੀਮਾ ਤੇ ਐਸਡੀਐਮ ਨਵਰੀਤ ਕੌਰ ਸੇਖੋਂ ਵੱਲੋਂ ਪ੍ਰਦਰਸ਼ਨਕਾਰੀ ਅਧਿਆਪਕਾਂ ਨਾਲ ਗੱਲਬਾਤ ਜਾਰੀ ਰੱਖੀ ਗਈ। ਕਰੀਬ ਇੱਕ ਘੰਟੇ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਮੁੱਖ ਮੰਤਰੀ ਪੰਜਾਬ ਨਾਲ 14 ਸਤੰਬਰ ਨੂੰ ਚੰਡੀਗੜ੍ਹ ’ਚ ਮੀਟਿੰਗ ਨਿਸ਼ਚਿਤ ਕਰਵਾਈ ਗਈ ਜਿਸ ਮਗਰੋਂ ਪ੍ਰਦਰਸ਼ਨ ਸਮਾਪਤ ਹੋਇਆ। ਰੋਸ ਪ੍ਰਦਰਸ਼ਨ ’ਚ ਭਾਕਿਯੂ ਏਕਤਾ ਉਗਰਾਹਾਂ, ਡੀਟੀਐਫ ਗੌਰਮਿੰਟ ਟੀਚਰਜ਼ ਯੂਨੀਅਨ, ਈਟੀਟੀ ਯੂਨੀਅਨ ਆਦਿ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ।
ਇਹ ਵੀ ਪੜ੍ਹੋ: Patiala News: ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਵੱਡਾ ਦਾਅਵਾ, ਆਮ ਆਦਮੀ ਕਲੀਨਿਕਾਂ 'ਚ 44 ਲੱਖ ਲੋਕਾਂ ਨੇ ਕਰਵਾਇਆ ਇਲਾਜ