Mansa Mother Murders son: ਮਾਨਸਾ ਬੱਸ ਸਟੈਂਡ ਤੋਂ ਸੋਮਵਾਰ 1 ਅਪ੍ਰੈਲ ਨੂੰ ਬਰਾਮਦ ਹੋਈ ਬੱਚੇ ਦੀ ਮ੍ਰਿਤਕ ਦੇ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ। ਬੱਚੇ ਦਾ ਕਾਤਲ ਕੋਈ ਹੋਰ ਨਹੀਂ ਸਗੋਂ 7 ਸਾਲਾ ਅਗਮਜੋਤ ਸਿੰਘ ਦੀ ਅਸਲ ਮਾਂ ਹੀ ਨਿੱਕਲੀ ਹੈ। ਜੋ ਆਪਣੀ ਮਰਜ਼ੀ ਅਨੁਸਾਰ ਕਿਸੇ ਹੋਰ ਪ੍ਰੇਮੀ ਨਾਲ ਆਪਣੀ ਜ਼ਿੰਦਗੀ ਬਿਤਾਉਣਾ ਚਾਹੁੰਦੀ ਸੀ। ਪੁਲਿਸ ਨੇ ਕਾਤਲ ਮਾਂ ਵੀਰਪਾਲ ਕੌਰ ਵਾਸੀ ਤਲਵੰਡੀ ਸਾਬੋ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਲਾਸ਼ ਨੂੰ ਪੋਸਟਮਾਰਟਮ ਲਈ ਬਠਿੰਡਾ ਦੇ ਏਮਜ਼ ਹਸਪਤਾਲ ਭੇਜ ਦਿੱਤਾ ਗਿਆ ਹੈ, ਜਿਸ ਦਾ ਵੀਰਵਾਰ ਨੂੰ ਪੋਸਟਮਾਰਟਮ ਕੀਤਾ ਜਾਵੇਗਾ।


ਪਹਿਲਾਂ ਤਾਂ ਵੀਰਪਾਲ ਕੌਰ ਨੇ ਬੱਚੇ ਨੂੰ 2 ਗੋਲੀਆਂ ਦਿੱਤੀਆਂ ਤੇ ਬੇਹੋਸ਼ੀ ਦੀ ਹਾਲਤ 'ਚ ਉਸ ਨੂੰ ਟੋਏ ਵਿੱਚ ਦੱਬ ਦਿੱਤਾ ਅਤੇ ਫਿਰ ਉਸ ਨੂੰ ਉਥੋਂ ਕੱਢ ਕੇ ਬੱਸ ਸਟੈਂਡ ਛੱਡ ਦਿੱਤਾ। ਇਸ ਗੱਲ ਦਾ ਖੁਲਾਸਾ ਉਸ ਨੇ ਖੁਦ ਪੁਲਿਸ ਪੁੱਛਗਿੱਛ ਦੌਰਾਨ ਕੀਤਾ।  ਕਾਤਲ ਮਾਂ ਅਨੁਸਾਰ ਉਸ ਨੇ ਆਪਣੇ ਪੁੱਤਰ ਅਗਮਜੋਤ ਨੂੰ ਦੁੱਖਾਂ ਭਰੀ ਜ਼ਿੰਦਗੀ ਤੋਂ ਬਚਾਉਣ ਲਈ ਇਹ ਕਦਮ ਚੁੱਕਿਆ। ਉਸ ਨੇ ਦੱਸਿਆ ਕਿ ਉਸ ਦਾ ਪੁੱਤਰ ਠੀਕ ਨਹੀਂ ਸੀ।  ਐਨਾ ਹੀ ਨਹੀਂ ਉਸ ਨੇ ਆਪਣੀਆਂ ਗਲਤੀਆਂ ਲੁਕਾਉਣ ਲਈ ਆਪਣੇ ਸਹੁਰਿਆਂ ‘ਤੇ ਵੀ ਦੋਸ਼ ਲਗਾਇਆ ਹੈ। ਜ਼ਿਕਰਯੋਗ ਹੈ ਕਿ ਇਹ ਮਾਮਲਾ 3 ਦਿਨ ਪਹਿਲਾਂ ਉਦੋਂ ਸਾਹਮਣੇ ਆਇਆ ਜਦੋਂ ਬੱਚੇ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਸੀ।


ਵੀਰਪਾਲ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਚਿੱਟੇ ਦੇ ਮਾਮਲੇ 'ਚ ਪਿਛਲੇ ਢਾਈ ਸਾਲਾਂ ਤੋਂ ਜੇਲ੍ਹ ਵਿੱਚ ਬੰਦ ਹੈ। ਦੱਸਿਆ ਜਾ ਰਿਹਾ ਹੈ ਕਿ 2016 ਵਿੱਚ ਵੀਰਪਾਲ ਕੌਰ ਦਾ ਪਤੀ ਹਰਦੀਪ ਸਿੰਘ ਵਾਸੀ ਤਲਵੰਡੀ ਸਾਬੋ ਨਾਲ ਪ੍ਰੇਮ ਵਿਆਹ ਹੋਇਆ ਸੀ।  ਉਸ ਨੇ ਆਪਣਾ ਜ਼ੁਰਮ ਲੁਕਾਉਣ ਲਈ ਸਹੁਰਿਆ 'ਤੇ ਦੋਸ਼ ਲਗਾਉਂਦੇ ਕਿਹਾ ਕਿ ਉਸ ਦੇ ਪਤੀ ਦੇ ਜੇਲ੍ਹ ਜਾਣ ਤੋਂ ਬਾਅਦ ਉਸ ਦੇ ਸਹੁਰਿਆਂ ਨੇ ਉਸ ਦੀ ਕੋਈ ਮਦਦ ਨਹੀਂ ਕੀਤੀ। ਉਸ ਕੋਲ ਖਾਣ ਲਈ ਵੀ ਕੁਝ ਨਹੀਂ ਸੀ ਹੁੰਦਾ। ਉਹਨਾਂ ਨੂੰ ਹਰ ਰੋਜ਼ ਭੁੱਖਾ ਸੌਣਾ ਪੈਂਦਾ ਸੀ। ਉਸ ਨੂੰ ਲੱਗਾ ਕਿ ਦੋਹਾਂ ਦੀ ਜ਼ਿੰਦਗੀ ਬਰਬਾਦ ਹੋ ਗਈ ਹੈ। ਇਹ ਉਹ ਜ਼ਿੰਦਗੀ ਹੈ ਜੋ ਉਸ ਦੇ ਪੁੱਤਰ ਨੂੰ ਭਵਿੱਖ ਵਿੱਚ ਵੀ ਮਿਲੇਗੀ ਅਤੇ ਉਹ ਇਸਨੂੰ ਨਹੀਂ ਦੇਖ ਸਕਿਕੀ। ਅੰਤ ਵਿੱਚ ਉਸਨੇ ਆਪਣੇ ਪੁੱਤਰ ਨੂੰ ਮਾਰਨ ਦਾ ਫੈਸਲਾ ਲਿਆ।


ਪ੍ਰੇਮੀ ਨਾਲ ਵਿਦੇਸ਼ ਭੱਜਣ ਦੀ ਤਿਆਰੀ 'ਚ ਸੀ ਵੀਰਪਾਲ 


ਕਤਲ ਕਰਨ ਤੋਂ ਬਾਅਦ ਮੁਲਜ਼ਮ ਔਰਤ ਆਪਣੇ ਪ੍ਰੇਮੀ ਨਾਲ ਵਿਦੇਸ਼ ਜਾਣ ਦੀ ਤਿਆਰੀ ਕਰ ਰਹੀ ਸੀ। ਰਸਤੇ ਵਿੱਚ ਰੋੜਾ ਬਣ ਰਹੇ ਬੱਚੇ ਦੇ ਕਤਲ ਦੀ ਸਾਜ਼ਿਸ਼ ਰਚੀ ਗਈ ਸੀ।  


ਮਾਨਸਾ ਦੇ ਡੀਐਸਪੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਥਾਣਾ ਸਿਟੀ-2 ਦੇ ਇੰਚਾਰਜ ਕਰਮਜੀਤ ਸਿੰਘ ਕਰ ਰਹੇ ਹਨ। ਪੁਲੀਸ ਨੇ ਮਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ। ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਮ੍ਰਿਤਕ ਅਗਮਜੋਤ ਸਿੰਘ ਦੇ ਕਤਲ ਵਿੱਚ ਹੋਰ ਲੋਕਾਂ ਦੀ ਸ਼ਮੂਲੀਅਤ ਬਾਰੇ ਵੀ ਖੁਲਾਸੇ ਹੋ ਸਕਦੇ ਹਨ।