Sangrur News: ਮਾਲਵਾ ਪੱਟੀ ਵਿੱਚ ਅਚਾਨਕ ਬੀਟੀ ਕਾਟਨ ’ਤੇ ਗੁਲਾਬੀ ਸੁੰਡੀ ਨੇ ਹਮਲਾ ਕਰ ਦਿੱਤਾ ਹੈ। ਇਸ ਨਾਲ ਕਿਸਾਨਾਂ ਦੇ ਹੋਸ਼ ਉੱਡ ਗਏ ਹਨ। ਕਿਸਾਨਾਂ ਤੋਂ ਹਾਸਲ ਜਾਣਕਾਰੀ ਮੁਤਾਬਕ ਗੁਲਾਬੀ ਸੁੰਡੀ (PINK BOLLWORM) ਹਮਲੇ ਦੇ ਮਾਮਲੇ ਕਈ ਪਿੰਡਾਂ ਵਿੱਚ ਸਾਹਮਣੇ ਆਉਣ ਲੱਗੇ ਹਨ। ਇਸ ਲਈ ਕਿਸਾਨ ਜਥੇਬੰਦੀਆਂ ਸਰਗਰਮ ਹੋਣ ਲੱਗੀਆਂ ਹਨ।
ਉਧਰ, ਭਾਵੇਂ ਖੇਤੀ ਵਿਭਾਗ ਨੇ ਇਸ ਹਮਲੇ ਨੂੰ ਈਟੀਐਲ ਲੈਵਲ ਤੋਂ ਹੇਠਾਂ ਕਰਾਰ ਦਿੱਤਾ ਹੈ, ਪਰ ਇਸ ਦੇ ਬਾਵਜੂਦ ਕਿਸਾਨ ਧਿਰਾਂ ਪਿਛਲੇ ਸਾਲ ਵਾਲੀ ਸਥਿਤੀ ਪੈਦਾ ਹੋਣ ਤੋਂ ਰੋਕਣ ਲਈ ਮੈਦਾਨ ਵਿੱਚ ਉਤਰਨ ਦੇ ਰੌਂਅ ਵਿੱਚ ਹਨ। ਇਸ ਹਮਲੇ ਦੀ ਗੰਭੀਰਤਾ ਨੂੰ ਲੈ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ. ਐਸਐਸ ਗੋਸਲ, ਨਿਰਦੇਸ਼ਕ ਖੋਜ ਅਜਮੇਰ ਸਿੰਘ ਢੱਟ, ਡਾ. ਪਰਮਜੀਤ ਸਿੰਘ ਪ੍ਰਿੰਸੀਪਲ ਕਾਟਨ ਬਰੀਡਰ ਦੀ ਅਗਵਾਈ ਹੇਠ ਟੀਮ ਨੇ ਮਾਨਸਾ ਜ਼ਿਲ੍ਹੇ ਦਾ ਦੌਰਾ ਕੀਤਾ।
ਹੋਰ ਪੜ੍ਹੋ : Sangrur News: ਕੱਚੇ ਅਧਿਆਪਕਾਂ ਵੱਲੋਂ ਤਨਖਾਹ ਵਾਧਾ ਧੋਖਾ ਕਰਾਰ, ਮੁੱਖ ਮੰਤਰੀ ਦੀ ਕੋਠੀ ਘੇਰਨ ਦਾ ਐਲਾਨ
ਡਾ. ਪਰਮਜੀਤ ਸਿੰਘ ਨੇ ਕਿਹਾ ਕਿ ਖੇਤ ਵਿੱਚੋਂ ਵੱਖ-ਵੱਖ ਜਗ੍ਹਾ ਤੋਂ 100 ਫੁੱਲਾਂ ਦੀ ਜਾਂਚ ਕੀਤੀ ਜਾਵੇ। ਇਨ੍ਹਾਂ ਵਿੱਚੋਂ ਗੁਲਾਬਨੁਮਾ ਫੁੱਲ ਅਤੇ ਸੁੰਡੀ ਦੁਆਰਾ ਨੁਕਸਾਨੇ 5 ਫੁੱਲ ਮਿਲਦੇ ਹਨ ਤਾਂ ਸਿਫਾਰਸ਼ ਕੀਤੀਆਂ ਕੀਟਨਾਸ਼ਕਾਂ ਦਾ ਛਿੜਕਾਅ ਕਰੋ। ਇਸ ਤੋਂ ਇਲਾਵਾ ਹਮਲੇ ਵਾਲੇ ਭੰਬੀਰੀ ਫੁੱਲਾਂ ਨੂੰ ਸਰਵੇਖਣ ਦੌਰਾਨ ਹੀ ਨਸ਼ਟ ਕਰ ਦਿਓ।
ਦੂਜੇ ਪਾਸੇ, ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਨੇ ਮਾਲਵਾ ਖੇਤਰ ਦੀਆਂ ਆਪਣੀਆਂ ਸਾਰੀਆਂ ਪਿੰਡ ਇਕਾਈਆਂ ਨੂੰ ਇਸ ਪ੍ਰਤੀ ਸੁਚੇਤ ਕਰ ਦਿੱਤਾ ਹੈ। ਇਸੇ ਦੌਰਾਨ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਪੀਏਯੂ ਖੇਤਰੀ ਖੋਜ ਕੇਂਦਰ ਦੇ ਨਿਰਦੇਸ਼ਕ ਡਾ. ਕੇਐਸ ਸੇਖੋਂ ਦੀ ਟੀਮ ਨਾਲ ਬਠਿੰਡਾ ਤੇ ਤਲਵੰਡੀ ਬਲਾਕ ਦੇ ਪਿੰਡ ਜਗਾ ਰਾਮ ਤੀਰਥ, ਨਗਲਾ, ਸਿੰਗੋਂ ਲਹਿਰੀ, ਬਹਿਮਣ ਕੌਰ ਸਿੰਘ, ਕੋਰੇਆਣਾ, ਮੰਨੂਆਣਾ ਆਦਿ ਦਾ ਦੌਰਾ ਕੀਤਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।