Sangrur News: ਮੁੱਖ ਮੰਤਰੀ ਦੀ ਰਿਹਾਇਸ਼ੀ ਕਲੋਨੀ ਤੋਂ ਨੇੜਲੇ ਪਿੰਡ ਖੁਰਾਣਾ ਵਿੱਚ ਪਿਛਲੇ 17 ਦਿਨਾਂ ਤੋਂ ਟੈਂਕੀ ਉਪਰ ਤੇ ਹੇਠਾਂ ਸੰਘਰਸ਼ ਕਰ ਰਹੇ 8736 ਅਧਿਆਪਕਾਂ ਨੇ ਪੰਜਾਬ ਸਰਕਾਰ ਵੱਲੋਂ ਤਨਖਾਹ ਸਕੇਲ ਤੇ ਹੋਰ ਭੱਤੇ ਨਾ ਦੇ ਕੇ ਤਨਖਾਹ ਵਿਚ ਕੀਤੇ ਵਾਧੇ ’ਤੇ ਰੋਸ ਜਤਾਇਆ ਹੈ ਤੇ ਅੱਜ ਮੁੱਖ ਮੰਤਰੀ ਦੀ ਕੋਠੀ ਦੇ ਘਿਰਾਓ ਦਾ ਐਲਾਨ ਕੀਤਾ ਹੈ। ਤਨਖਾਹ ਵਿੱਚ ਵਾਧਾ ਪਿਛਲੇ 17 ਦਿਨਾਂ ਤੋਂ ਟੈਂਕੀ ਉਪਰ ਡਟੇ ਮਾਨਸਾ ਦੇ ਅਧਿਆਪਕ ਇੰਦਰਜੀਤ ਸਿੰਘ ਨੂੰ ਟੈਂਕੀ ਤੋਂ ਥੱਲੇ ਨਹੀਂ ਲਾਹ ਸਕਿਆ।
ਪੱਕੇ ਮੋਰਚੇ ਦੌਰਾਨ 8736 ਕੱਚੇ ਮੁਲਾਜ਼ਮ ਯੂਨੀਅਨ ਪੰਜਾਬ ਦੇ ਆਗੂ ਤੇ ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਮਨਪ੍ਰੀਤ ਸਿੰਘ ਮੋਗਾ ਨੇ ਦੱਸਿਆ ਕਿ ਅੱਜ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਤੇ 1 ਜੁਲਾਈ ਨੂੰ ਸੂਬਾ ਪੱਧਰੀ ਰੋਸ ਰੈਲੀ ਕਰਨ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੋਈ ਤਨਖਾਹ ਸਕੇਲ ਨਹੀਂ ਦਿੱਤਾ ਗਿਆ ਤੇ ਨਾ ਹੀ ਕੋਈ ਭੱਤਾ ਤੇ ਹੋਰ ਸਹੂਲਤ ਦਿੱਤੀ ਗਈ ਹੈ। ਮੌਜੂਦਾ ਸਰਕਾਰ ਨੇ 36 ਹਜ਼ਾਰ ਰੁਪਏ ਦਿੱਲੀ ਦੀ ਤਰਜ਼ ’ਤੇ ਦੇਣ ਦਾ ਵਾਅਦਾ ਕੀਤਾ ਸੀ ਪਰੰਤੂ ਤਨਖਾਹ 23500/-ਤੈਅ ਕੀਤੀ ਗਈ ਹੈ।
ਉਧਰ ਟੈਂਕੀ ਉਪਰ ਡਟੇ ਇੰਦਰਜੀਤ ਸਿੰਘ ਮਾਨਸਾ ਨੇ ਕਿਹਾ ਕਿ ਸਰਕਾਰ ਨੇ ਦਸ ਸਾਲਾ ਪਾਲਿਸੀ ਅਨੁਸਾਰ ਰੈਗੂਲਰ ਕਰਨ ਦੀ ਪ੍ਰਕਿਰਿਆ ਨਹੀਂ ਅਪਣਾਈ ਗਈ, ਪਰਖ ਕਾਲ ਦਾ ਸਮਾਂ ਵੀ ਤੈਅ ਨਹੀਂ ਕੀਤਾ ਗਿਆ ਤੇ ਨਾ ਹੀ ਕੋਈ ਸਰਕਾਰੀ ਭੱਤਾ ਅਤੇ ਹੋਰ ਸਰਕਾਰੀ ਲਾਭ ਦਿੱਤੇ ਹਨ। ਉਨ੍ਹਾਂ ਕਿਹਾ ਕਿ ਟੈਂਕੀ ਉਪਰ ਉਸ ਦਾ ਸੰਘਰਸ਼ ਜਾਰੀ ਰਹੇਗਾ। ਟੈਂਕੀ ਹੇਠਾਂ ਪੱਕੇ ਮੋਰਚੇ ਵਿੱਚ ਮਲੇਰਕੋਟਲਾ ਤੇ ਕਪੂਰਥਲਾ ਦੇ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ।
ਉਧਰ, ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੈ ਪਾਲ ਸ਼ਰਮਾ ਤੇ ਸੂਬਾ ਜਨਰਲ ਸਕੱਤਰ ਬਲਬੀਰ ਲੌਂਗੋਵਾਲ ਨੇ ਕਿਹਾ ਕਿ ਅਸਲੀਅਤ ਵਿੱਚ ਨਾ ਤਾਂ ਕੱਚੇ ਅਧਿਆਪਕਾਂ ਨੂੰ ਕੋਈ ਪੇਅ-ਸਕੇਲ ਦਿੱਤਾ ਗਿਆ ਹੈ ਤੇ ਨਾ ਹੀ ਕੋਈ ਭੱਤਾ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵਾਂਗ ਇਸ ਸਰਕਾਰ ਨੇ ਵੀ ਅਧਿਆਪਕਾਂ ਦੀ ਮਜਬੂਰੀ ਦਾ ਫਾਇਦਾ ਉਠਾਇਆ ਹੈ ਤੇ ਇੱਕ ਵੱਡਾ ਡਰਾਮਾ ਰਚ ਕੇ ਛੋਟੀ ਜਿਹੀ ਤਨਖਾਹ ਵਾਧੇ ਦੀ ਰਾਹਤ ਦਿੱਤੀ ਗਈ ਹੈ, ਜੋ ਅਧਿਆਪਕਾਂ ਨਾਂਲ ਬੇਇਨਸਾਫ਼ੀ ਹੈ।
ਉਨ੍ਹਾਂ ਕਿਹਾ ਕਿ ਦਹਾਕਿਆਂ ਬੱਧੀ ਵੱਖ-ਵੱਖ ਸਰਕਾਰਾਂ ਵੱਲੋਂ ਕੱਚੇ ਅਧਿਆਪਕਾਂ ਦਾ ਸੋਸ਼ਣ ਕਰਨਾ ਆਪਣੇ-ਆਪ ਵਿੱਚ ਇੱਕ ਮਿਸਾਲ ਹੈ ਜਿਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਘੱਟ ਹੈ। ਆਗੂਆਂ ਨੇ ਕਿਹਾ ਕਿ ਅਧਿਆਪਕਾਂ ਦੀ ਜਥੇਬੰਦੀ ਹੋਣ ਦੇ ਨਾਤੇ ਉਹ ਹਮੇਸ਼ਾ ਕੱਚੇ ਅਧਿਆਪਕਾਂ ਦੇ ਨਾਂਲ ਖੜ੍ਹੇ ਹਨ ਤੇ ਉਨ੍ਹਾਂ ਦੇ ਹਰ ਸੰਘਰਸ਼ ਵਿੱਚ ਡੀਟੀਐਫ ਸਾਥ ਦੇਵੇਗੀ।