Sangrur News: ਖਡੂਰ ਸਾਹਿਬ ਤੋਂ ਉਮੀਦਵਾਰ ਤੇ ਮੌਜੂਦਾ ਸਰਕਾਰ ਵਿੱਚ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਆਪਣੇ ਚੋਣ ਪ੍ਰਚਾਰ ਇੱਕ ਪੋਸਟਰ ਜਾਰੀ ਕੀਤਾ ਗਿਆ ਹੈ ਜਿਸ ਵਿਚ ਇਹ ਦੱਸਿਆ ਗਿਆ ਹੈ ਕਿ ਉਨ੍ਹਾਂ ਨੇ ਪੰਚਾਇਤ ਵਿਭਾਗ ਅਤੇ ਟਰਾਂਸਪੋਰਟ ਵਿਭਾਗ ਵਿੱਚ ਕੰਮ ਕਰਦੇ ਕੱਚੇ ਕਰਮਚਾਰੀਆਂ ਨੂੰ ਪੱਕਾ ਕੀਤਾ ਗਿਆ ਹੈ। ਉਧਰ ਲੰਮੇ ਸਮੇਂ ਤੋਂ ਸਰਕਾਰ ਖ਼ਿਲਾਫ਼ ਸੰਘਰਸ਼ ਕਰਦੇ ਕੱਚੇ ਕਾਮਿਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਨੂੰ ਕੋਈ ਪੱਕਾ ਨਹੀਂ ਕੀਤਾ ਗਿਆ ਬਲਕਿ ਸਾਡੇ ’ਤੇ ਤਾਂ ਇਹ ਖਤਰਾ ਮੰਡਰਾਅ ਰਿਹਾ ਹੈ ਕਿ ਸਾਨੂੰ ਕਿਸੇ ਵੀ ਸਮੇਂ ਨੌਕਰੀ ਤੋਂ ਫਾਰਗ ਕੀਤਾ ਜਾ ਸਕਦਾ ਹੈ। ਉਨ੍ਹਾਂ ਦਾ ਇਹ ਪੋਸਟਰ ਸ਼ਰੇਆਮ ਝੂਠਾ ਹੈ।
ਪੰਜਾਬ ਰੋਡਵੇਜ, ਪਨਬੱਸ ਅਤੇ ਪੀਆਰਟੀਸੀ ਦੇ ਕੱਚੇ ਕਾਮਿਆਂ ਨੇ ਦੱਸਿਆ ਕਿ ਅਸੀਂ ਤਾਂ 16 ਮਈ ਨੂੰ ਲਾਲਜੀਤ ਸਿੰਘ ਭੁੱਲਰ ਦਾ ਸ਼ਹਿਰ ਘੇਰਨਾ ਸੀ ਪਰ ਹੁਣ ਸਾਨੂੰ 24 ਮਈ ਦੀ ਮੀਟਿੰਗ ਦਿੱਤੀ ਗਈ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਮੰਤਰੀ ਦਾ ਸੰਸਦ ਮੈਂਬਰ ਬਣਨ ਦਾ ਸੁਪਨਾ ਕਦੇ ਵੀ ਪੂਰਾ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਾਡਾ ਕੰਮ ਇਕੋ ਜਿਹਾ ਹੈ ਅਤੇ ਤਨਖਾਹਾਂ ਸਾਨੂੰ ਵੱਖਰੀਆਂ ਵੱਖਰੀਆਂ ਦਿੱਤੀਆਂ ਜਾ ਰਹੀਆਂ ਹਨ। ਜਿਸਦੇ ਰੋਸ ਵਜੋਂ ਅਸੀਂ ਪੱਟੀ ਸ਼ਹਿਰ ਵਿੱਚ ਇਨ੍ਹਾਂ ਦਾ ਘਿਰਾਓ ਕਰਨਾ ਸੀ ਜਿਸ ਤੋਂ ਬਾਅਦ ਸਾਨੂੰ 24 ਮਈ ਦੀ ਮੀਟਿੰਗ ਦਿੱਤੀ ਗਈ ਹੈ, ਹੋ ਸਕਦਾ ਹੈ ਕਿ ਸਰਕਾਰ ਸਾਡੀਆਂ ਮੰਗਾਂ ਮੰਨ ਲਵੇ।
ਉਨ੍ਹਾਂ ਕਿਹਾ ਕਿ ਸਾਡੀਆਂ ਮੁਲਾਜ਼ਮ ਜਥੇਬੰਦੀਆਂ ਵੱਖਰੀਆਂ ਵੱਖਰੀਆਂ ਹਨ ਪਰ ਸਾਡੀ ਸੋਚ ਇੱਕ ਹੈ। ਸਾਡੀ ਕਿਸੇ ਵੀ ਜਥੇਬੰਦੀ ਦਾ ਇੱਕ ਵੀ ਸਾਥੀ ਪੱਕਾ ਨਹੀਂ ਕੀਤਾ ਗਿਆ। ਸਾਡੇ ਸਾਥੀ ਕੰਟਰੈਕਟ ਵੇਸ ‘ਤੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬੱਸ ਅੱਡਿਆਂ ਵਿੱਚ ਸਵਾਰੀਆਂ ਤਾਂ ਤਾਤਾਂ ਲੱਗਿਆ ਰਹਿੰਦਾ ਹੈ ਕਿਉਂਕਿ ਬੱਸਾਂ ਘੱਟ ਚੱਲਦੀਆਂ ਹਨ। ਸਾਡੇ ਕੋਲੋਂ ਬਹੁਤ ਘੱਟ ਤਨਖਾਹਾਂ ਤੇ ਕੰਮ ਲਿਆ ਜਾ ਰਿਹਾ ਹੈ।
ਸਾਡੇ ਡਿਪੂਆਂ ਵਿੱਚ ਸਮਾਨ ਦੀ ਬਹੁਤ ਘਾਟ ਹੈ। ਉਨ੍ਹਾਂ ਦੱਸਿਆ ਕਿ ਸੜਕਾਂ ਤੇ 2900 ਬੱਸਾਂ ਚੱਲਦੀਆਂ ਹਨ ਹਰ ਰੋਜ ਕਿਸੇ ਨਾ ਕਿਸੇ ਗੱਡੀ ਨੂੰ ਕੁਝ ਹੋ ਜਾਂਦਾ ਹੈ ਜਿਸ ਕਾਰਨ 2500 ਰੁਪਏ ਦਾ ਬਿੱਲ ਮਨਜੂਰ ਕਰਵਾਉਣ ਲਈ ਐਮ. ਡੀ. ਤੋਂ ਮਨਜੂਰੀ ਲੈਣੀ ਪੈਂਦੀ ਹੈ।