Sangrur News:  ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਲਹਿਰਾਗਾਗਾ ਦੇ ਕਰੀਬ 100 ਕਰਮਚਾਰੀਆਂ ਦੀ ਛਾਂਟੀ ਦਾ ਨੋਟਿਸ ਜਾਰੀ ਕਰਨ 'ਤੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦੀ ਆਲੋਚਨਾ ਕੀਤੀ ਹੈ। ਇਸ ਮੌਕੇ ਕਾਲਜ ਦੇ ਬਾਹਰ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।


ਜ਼ਿਕਰ ਕਰ ਦਈਏ ਕਿ ਲਹਿਰਾਗਾਗਾ ਦੇ ਬਾਬਾ ਹੀਰਾ ਸਿੰਘ ਭੱਠਲ ਕਾਲਜ ਦੇ ਬਾਹਰ ਅੱਜ ਸੱਤਵੇਂ ਦਿਨ ਵੀ ਧਰਨਾ ਜਾਰੀ ਰਿਹਾ ਅਤੇ ਇਸ ਦੌਰਾਨ ਸ਼ਹਿਰ ਵਿੱਚ ਜਲੂਸ ਕੱਢ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੇ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਰੂਪ ਦਿੱਤਾ ਜਾਵੇਗਾ। ਦੱਸ ਦਈਏ ਕਿ ਸਰਕਾਰ ਖ਼ਿਲਾਫ਼ ਕੀਤੇ ਗਏ ਪ੍ਰਦਰਸ਼ਨ ਵਿੱਚ ਕਿਸਾਨ, ਮਜ਼ਦੂਰ, ਜਨਤਕ ਜਥੇਬੰਦੀਆਂ, ਸਿਆਸੀ ਪਾਰਟੀਆਂ ਦੇ ਵਰਕਰ ਅਤੇ ਕਾਲਜ ਸਟਾਫ਼ ਹਾਜ਼ਰ ਸੀ।


ਕੀ ਹਨ ਪ੍ਰਦਰਸ਼ਨਕਾਰੀਆਂ ਦੀਆਂ ਮੁੱਖ ਮੰਗਾਂ


ਸਰਕਾਰ ਕਾਲਜ ਬੰਦ ਕਰਨ ਦਾ ਨੋਟਿਸ ਵਾਪਸ ਲਵੇ
ਮੁੜ ਤੋਂ ਕਾਲਜ ਨੂੰ ਚਾਲੂ ਕਰਕੇ ਦਾਖ਼ਲੇ ਸ਼ੁਰੂ ਕਰਵਾਏ ਜਾਣ
ਕਾਲਜ ਸਟਾਫ ਨੂੰ ਰੁਕੀ 40 ਮਹੀਨਿਆਂ ਤੋਂ ਵੱਧ ਤਨਖਾਹ ਦਿੱਤੀ ਜਾਵੇ


ਪ੍ਰਤਾਪ ਸਿੰਘ ਬਾਜਵਾ ਨੇ ਕੀਤੀ ਟਿੱਪਣੀ


ਜ਼ਿਕਰ ਕਰ ਦਈਏ ਕਿ ਇਸ ਕਾਲਜ ਨੂੰ ਬੰਦ ਕਰਨ ਦੇ ਫ਼ੈਸਲੇ ਤੋਂ ਬਾਅਦ ਸਿਆਸੀ ਧਿਰਾਂ ਖਾਸ ਕਰਕੇ ਕਾਂਗਰਸ ਪਾਰਟੀ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਲੰਘੇ ਦਿਨੀਂ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜਿਸ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਇਆ ਅਤੇ ਰੁਜ਼ਗਾਰ ਦੇ ਵਧੇਰੇ ਮੌਕੇ ਪੈਦਾ ਕਰਨ ਅਤੇ ਬੇਰੁਜ਼ਗਾਰੀ ਤੋਂ ਛੁਟਕਾਰਾ ਦਿਵਾਉਣ ਦੇ ਵਾਅਦੇ ਨਾਲ ਸੱਤਾ ਹਾਸਲ ਕੀਤੀ, ਉਹ ਹੁਣ ਇਸ ਇੰਜੀਨੀਅਰਿੰਗ ਇੰਸਟੀਚਿਊਟ ਦੇ ਲਗਭਗ 100 ਕਰਮਚਾਰੀਆਂ ਦੀਆਂ ਨੌਕਰੀਆਂ ਖੋਹਣ 'ਤੇ ਤੁਲੀ ਹੋਈ ਹੈ। ਬਾਜਵਾ ਨੇ ਕਿਹਾ ਸੀ ਕਿ ਮੁਲਾਜ਼ਮਾਂ ਨੂੰ ਨਾ ਸਿਰਫ ਛਾਂਟੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਲਕਿ ਪਿਛਲੇ ਕਈ ਮਹੀਨਿਆਂ ਤੋਂ ਤਨਖਾਹਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ। 


ਸਾਬਕਾ ਮੁੱਖ ਮੰਤਰੀ ਨੇ ਵੀ ਚੁੱਕੇ ਸਵਾਲ


ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੇ ਕਿਹਾ ਸੀ ਕਿ  ਪੰਜਾਬ ਦਾ ਮੁੱਖ ਮੰਤਰੀ ਜੇਕਰ ਚਾਹੇ ਤਾਂ ਇਹ ਬਾਬਾ ਹੀਰਾ ਸਿੰਘ ਭੱਠਲ ਕਾਲਜ ਬੰਦ ਨਹੀ ਹੋ ਸਕਦਾ ਅਤੇ ਜੇ ਚਾਹੇ ਤਾਂ ਇਹ ਕਾਲਜ ਮੈਡੀਕਲ ਜਾਂ ਪੋਲੀਟਿਕਨਿਕ ਕਾਲਜ ਵਿੱਚ ਵੀ ਤਬਦੀਲ ਹੋ ਸਕਦਾ ਹੈ। ਉਨਾਂ ਕਿਹਾ ਸੀ ਕਿ ਮੁੱਖ ਮੰਤਰੀ ਅਤੇ ਖਜ਼ਾਨਾ ਮੰਤਰੀ ਜੋ ਇਸੇ ਹਲਕੇ ਅਤੇ ਜ਼ਿਲ੍ਹੇ ਦੇ ਹਨ, ਨੇ ਸਟੇਜਾਂ ਤੋਂ ਬਿਆਨ ਦਿੱਤੇ ਸਨ ਕਿ ਇਹ ਕਾਲਜ ਬੰਦ ਨਹੀਂ ਹੋਣ ਦਿੱਤਾ ਜਾਵੇਗਾ। ਪ੍ਰੰਤੂ ਹੁਣ ਕਾਲਜ ਬੰਦ ਹੋਣ ਕਾਰਨ ਇਹ ਸਾਬਤ ਹੋ ਗਿਆ ਹੈ ਕਿ ਇਹਨਾਂ ਦੀ ਕਹਿਣੀ ਅਤੇ ਕਰਨੀ ਵਿੱਚ ਬਹੁਤ ਅੰਤਰ ਹੈ।