ਅਨਿਲ ਜੈਨ
Sangrur News: ਮੂਣਕ ਦੇ ਇਸ ਕਾਰੋਬਾਰੀ ਦੀ ਤਰ੍ਹਾਂ ਜੇਕਰ ਹਰ ਕਿਸੇ ਨੂੰ ਆਪਣੀ ਮਿੱਟੀ ਨਾਲ ਇੰਨਾ ਪਿਆਰ ਹੋਵੇ ਤਾਂ ਸਭ ਕੁਝ ਬਦਲਿਆ ਜਾ ਸਕਦਾ ਹੈ। ਪੱਛੜੇ ਇਲਾਕੇ ਕਹੇ ਜਾਂਦੇ ਮੂਨਕ ਦੇ ਰਹਿਣ ਵਾਲੇ ਕਾਰੋਬਾਰੀ ਆਰਕੇ ਗਰਗ ਨੇ ਕਸਬੇ ਦੀ ਕਾਇਆ ਹੀ ਪਲਟ ਦਿੱਤੀ ਹੈ। ਉਸ ਨੇ ਖੰਡਰ ਹੋਏ ਕਿਲ੍ਹੇ ਨੂੰ ਪਾਰਕ ਵਿੱਚ ਤਬਦੀਲ ਕੀਤਾ, ਅਜਿਹਾ ਪਾਰਕ ਜੋ ਤੁਸੀਂ ਚੰਡੀਗੜ੍ਹ ਵਿੱਚ ਵੀ ਨਹੀਂ ਦੇਖਿਆ ਹੋਵੇਗਾ। 4 ਤੋਂ 5 ਸਕੂਲ ਜਿਨ੍ਹਾਂ ਵਿੱਚ ਸਟੇਨਲੈੱਸ-ਸਟੀਲ ਦੇ ਟੇਬਲ ਤੇ ਸਾਇੰਸ ਲੈਬ ਤੇ ਲੈਕਚਰ ਰੂਮ ਸਭ ਕੁਝ ਬਣਾ ਦਿੱਤਾ।
ਜਦੋਂ ਤੁਸੀਂ ਆਪਣੇ ਦਿਮਾਗ ਵਿੱਚ ਪ੍ਰਾਇਮਰੀ ਸਕੂਲ ਬਾਰੇ ਸੋਚਦੇ ਹੋ ਤਾਂ ਤੁਹਾਨੂੰ 5 ਤੋਂ 10 ਕਮਰਿਆਂ ਦਾ ਸਕੂਲ ਨਜ਼ਰ ਆਉਂਦਾ ਹੈ ਪਰ ਆਰਕੇ ਗਰਗ ਨੇ ਮੂਨਕ ਦੀ ਤਹਿਸੀਲ ਕੰਪਲੈਕਸ ਵਿੱਚ 17 ਕਮਰਿਆਂ ਦੀ ਸ਼ਾਨਦਾਰ ਇਮਾਰਤ ਵਾਲਾ ਸਕੂਲ ਬਣਾਇਆ ਹੈ। ਉਹ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਮੂਨਕ ਨੂੰ ਸਿੱਖਿਆ ਦੇ ਉੱਚੇ ਪੱਧਰ 'ਤੇ ਅੱਗੇ ਲਿਜਾਣ ਲਈ 25 ਬੱਚਿਆਂ ਨੂੰ ਗੋਦ ਲਿਆ, ਜਿਨ੍ਹਾਂ ਦੀ ਪੰਜਵੀਂ ਤੋਂ ਲੈ ਕੇ ਆਈਏਐਸ ਅਫਸਰ ਬਣਨ ਤੱਕ ਪੜ੍ਹਾਈ ਦਾ ਖਰਚ ਉਹ ਖੁਦ ਚੁੱਕਣਗੇ।
ਉਨ੍ਹਾਂ ਲਈ ਇੱਕ ਪੰਜ ਤਾਰਾ ਹੋਟਲ ਵਰਗੀ ਇਮਾਰਤ ਤਿਆਰ ਕੀਤੀ ਗਈ ਹੈ। ਜਿੱਥੇ ਉਨ੍ਹਾਂ ਦਾ ਖਾਣਾ, ਉਨ੍ਹਾਂ ਦੀ ਪੜ੍ਹਾਈ ਤੇ ਉਨ੍ਹਾਂ ਦਾ ਠਹਿਰਨ ਦਾ ਪ੍ਰਬੰਧ ਹੋਵੇਗਾ। ਇਹ ਬੱਚੇ ਉਨ੍ਹਾਂ ਗਰੀਬ ਪਰਿਵਾਰਾਂ ਦੇ ਹੋਣਗੇ, ਜੋ ਆਪਣੇ ਆਰਥਿਕ ਕਾਰਨਾਂ ਕਰਕੇ ਆਪਣੇ ਹੁਸ਼ਿਆਰ ਬੱਚਿਆਂ ਨੂੰ ਅੱਗੇ ਨਹੀਂ ਪੜ੍ਹਾ ਸਕਦੇ।
ਜੇਕਰ ਤੁਸੀਂ ਮੂਨਕ ਆਓਗੇ ਤਾਂ ਤੁਹਾਨੂੰ ਹਰ ਜਗ੍ਹਾ ਡਸਟਬੀਨ ਮਿਲੇਗਾ, ਇਸ ਦਾ ਸਿਹਰਾ ਵੀ ਆਰਕੇ ਗਰਗ ਦੇ ਪਿਤਾ 'ਤੇ ਬਣੇ ਹੰਸਰਾਜ ਟਰੱਸਟ ਨੂੰ ਜਾਂਦਾ ਹੈ ਜਿਸ ਨੇ ਹਰ ਘਰ 'ਚ ਗਿੱਲੇ ਤੇ ਸੁੱਕੇ ਕੂੜੇ ਲਈ ਵੱਖਰੇ-ਵੱਖਰੇ ਡਸਟਬਿਨ ਰੱਖੇ ਹੋਏ ਹਨ, ਜਿਨ੍ਹਾਂ ਨੂੰ ਚੁੱਕਣ ਲਈ ਟਰੱਸਟ ਦੇ ਕਰਮਚਾਰੀ ਰੇੜੀ ਲੈ ਕੇ ਕੂੜਾ ਚੁੱਕ ਕੇ ਡੰਪ 'ਤੇ ਸੁੱਟ ਦਿੰਦੇ ਹਨ।
ਇਹ ਸਭ ਕੁਝ 2013 ਤੋਂ ਸ਼ੁਰੂ ਹੋਇਆ, ਜਦੋਂ ਆਰਕੇ ਗਰਗ ਮੂਨਕ ਆਏ ਤਾਂ ਉਨ੍ਹਾਂ ਨੇ ਆਪਣਾ ਪੁਰਾਣਾ ਘਰ ਦੁਬਾਰਾ ਖਰੀਦ ਕੇ ਉੱਥੇ ਸ਼ਾਨਦਾਰ ਘਰ ਬਣਵਾਇਆ ਤੇ ਹੁਣ ਉਹ ਮਹੀਨੇ ਵਿੱਚ ਤਿੰਨ ਤੋਂ ਚਾਰ ਵਾਰ ਮੂਨਕ ਆਉਂਦੇ ਹਨ।