Sangrur News: ਦੋ ਦਲਿਤ ਨੌਜਵਾਨਾਂ ਦੀ ਕੁੱਟਮਾਰ ਕਰਨ ਵਾਲੇ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਉਗਰਾਹਾਂ ਦੇ ਮਨਜੀਤ ਸਿੰਘ ਘਰਾਚੋ ਨੂੰ ਯੂਨੀਅਨ ਆਗੂਆਂ ਨੇ ਸੰਗਰੂਰ ਪੁਲਿਸ ਹਵਾਲੇ ਕਰ ਦਿੱਤਾ ਹੈ। ਇਹ ਉਹੀ ਮਨਜੀਤ ਸਿੰਘ ਹੈ, ਜਿਸ ਦੀ ਦਲਿਤ ਮਜ਼ਦੂਰਾਂ ਨੂੰ ਕੁੱਟਣ ਦੀ ਵੀਡੀਓ ਸਾਹਮਣੇ ਆਈ ਸੀ।


ਦੋਵੇਂ ਮਜ਼ਦੂਰ ਗੰਭੀਰ ਰੂਪ ਨਾਲ ਜ਼ਖਮੀ ਹਨ ਤੇ ਉਨ੍ਹਾਂ ਦੇ ਕਈ ਫਰੈਕਚਰ ਹਨ। ਮਾਮਲਾ ਵਧਣ ਤੋਂ ਬਾਅਦ ਕਿਸਾਨ ਆਗੂਆਂ ਨੇ ਖੁਦ ਮਨਜੀਤ ਸਿੰਘ ਘਰਾਚੋ ਨੂੰ ਸੰਗਰੂਰ ਦੇ ਡੀਐਸਪੀ ਮਨੋਜ ਗੋਰਸੀ ਦੇ ਹਵਾਲੇ ਕਰ ਦਿੱਤਾ। ਬੀਕੇਯੂ (ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਮਨਜੀਤ ਤੇ ਹੋਰਾਂ ਖ਼ਿਲਾਫ਼ ਦਰਜ ਐਫਆਈਆਰ ਵਿੱਚੋਂ ਐਸਸੀ/ਐਸਟੀ ਐਕਟ-1989 (ਸੋਧ 2022) ਦੀ ਧਾਰਾ 3 (ਆਈ) (ਐਕਸ) ਨੂੰ ਰੱਦ ਕਰਨ ਦੀ ਮੰਗ ਕੀਤੀ ਸੀ।


ਹਰਜੀਤ ਸਿੰਘ ਦੇ ਬਿਆਨਾਂ ’ਤੇ ਕਿਸਾਨ ਆਗੂਆਂ ਮਨਜੀਤ ਤੇ ਜਗਤਾਰ ਸਿੰਘ ਲਾਡੀ ਖ਼ਿਲਾਫ਼ ਆਈਪੀਸੀ ਦੀਆਂ ਧਾਰਾਵਾਂ 341, 323, 325, 148 ਤੇ 149 ਤੇ ਐਸਸੀ/ਐਸਟੀ ਐਕਟ ਦੀਆਂ ਧਾਰਾਵਾਂ ਤਹਿਤ ਕੁੱਟਮਾਰ ਦਾ ਕੇਸ ਦਰਜ ਕੀਤਾ ਗਿਆ ਹੈ। ਆਪਣੀ ਸ਼ਿਕਾਇਤ ਵਿੱਚ ਹਰਜੀਤ ਸਿੰਘ ਨੇ ਕਿਹਾ ਸੀ ਕਿ ਉਸ ਦੀ ਤੇ ਅਮਨ ਦੀ ਕੁੱਟਮਾਰ ਕਰਨ ਸਮੇਂ ਜਾਤੀ ਆਧਾਰਿਤ ਗਾਲੀ ਗਲੋਚ ਵੀ ਕੀਤਾ ਗਿਆ।


ਨਿਰਪੱਖ ਜਾਂਚ ਦੀ ਮੰਗ
ਉਧਰ ਕਿਸਾਨ ਯੂਨੀਅਨ ਉਗਰਾਹਾਂ ਨੇ ਕਿਸਾਨ ਆਗੂ ਦੀ ਗ੍ਰਿਫ਼ਤਾਰੀ ਦੀ ਨਿਰਪੱਖ ਜਾਂਚ ਦੀ ਮੰਗ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਲਾਡੀ ਨੂੰ ਇਸ ਕੇਸ ਵਿੱਚ ਝੂਠਾ ਫਸਾਇਆ ਹੈ ਤੇ ਉਸ ਦਾ ਨਾਂ ਐਫਆਈਆਰ ਵਿੱਚੋਂ ਹਟਾਇਆ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਇਸ ਮਾਮਲੇ ਦੀ ਨਿਰਪੱਖ ਜਾਂਚ ਨਾ ਕਰਨ 'ਤੇ ਸੰਗਰੂਰ (ਸਦਰ) ਦੇ ਐਸਐਚਓ ਵਿਰੁੱਧ ਕਾਰਵਾਈ ਦੀ ਵੀ ਮੰਗ ਕੀਤੀ।


ਕਿਸਾਨ ਲੀਡਰ ਉਗਰਾਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਮਨਜੀਤ ਨੂੰ ਪੁਲਿਸ ਹਵਾਲੇ ਕਰ ਦਿੱਤਾ ਹੈ, ਤਾਂ ਜੋ ਕੋਈ ਵੀ ਇਸ ਨੂੰ ਮਜ਼ਦੂਰ ਬਨਾਮ ਕਿਸਾਨ ਬਣਾ ਕੇ ਫਾਇਦਾ ਨਾ ਉਠਾ ਸਕੇ। ਉਨ੍ਹਾਂ ਦੱਸਿਆ ਕਿ ਪਹਿਲਾਂ ਦਲਿਤ ਨੌਜਵਾਨ ਨੇ ਮਨਜੀਤ ਦੇ ਲੜਕੇ ’ਤੇ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ ਜਿਸ ਤੋਂ ਬਾਅਦ ਮਾਮਲਾ ਵਿਗੜ ਗਿਆ।


ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।