ਸ਼ੰਕਰ ਦਾਸ ਦੀ ਰਿਪੋਰਟ



Punjab News: ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੁਕਮ ਜਾਰੀ ਕੀਤੇ ਹਨ ਕਿ ਕਿਸੇ ਵੀ ਪਿੰਡ ਦੀ ਮਹਿਲਾ ਸਰਪੰਚ ਦਾ ਪਤੀ ਕਿਸੇ ਸਰਕਾਰੀ ਸਮਾਗਮ 'ਚ ਸਰਪੰਚ ਦੇ ਤੌਰ 'ਤੇ ਸ਼ਿਰਕਤ ਨਹੀਂ ਕਰ ਸਕਦਾ ਪਰ ਹੁਣ ਦੂਜੇ ਪਾਸੇ ਆਪ ਸਰਕਾਰ ਦੇ ਵਿਧਾਇਕ ਹੀ ਸਰਕਾਰੀ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੇ ਹਨ। ਇਸ ਤੋਂ ਬਾਅਦ ਜਿੱਥੇ ਵਿਰੋਧੀ ਪਾਰਟੀਆਂ ਸਰਕਾਰ ਨੂੰ ਘੇਰ ਰਹੀਆਂ ਹਨ, ਉੱਥੇ ਹੀ ਸੋਸ਼ਲ ਮੀਡਿਆ 'ਤੇ ਵੀ ਲੋਕ ਸਰਕਾਰ ਨੂੰ ਘੇਰਦੇ ਨਜ਼ਰ ਆ ਰਹੇ ਹਨ।

ਤਾਜ਼ਾ ਮਾਮਲਾ ਸੰਗਰੂਰ ਤੇ ਲੁਧਿਆਣਾ ਤੋਂ ਸਾਹਮਣੇ ਆਇਆ ਹੈ, ਜਿੱਥੇ ਆਪ ਵਿਧਾਇਕਾਂ ਦੇ ਪਤੀ ਹੀ ਉਦਘਾਟਨ ਕਰ ਰਹੇ ਹਨ। ਇੱਥੇ ਹੀ ਬੱਸ ਨਹੀਂ ਵਿਧਾਇਕਾਂ ਦੇ ਪਤੀ ਸਰਕਾਰੀ ਪ੍ਰੋਗਰਾਮਾਂ ਵਿੱਚ ਵੀ ਮੁੱਖ ਮਹਿਮਾਨ ਵਜੋਂ ਪਹੁੰਚ ਰਹੇ ਹਨ।

ਦਰਅਸਲ 'ਚ ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਦੇ ਪਤੀ ਮਨਦੀਪ ਸਿੰਘ ਤੇ ਲੁਧਿਆਣਾ ਤੋਂ ਵਿਧਾਇਕਾ ਰਜਿੰਦਰਪਾਲ ਕੌਰ ਦੇ ਪਤੀ ਹਰਪ੍ਰੀਤ ਸਿੰਘ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਦੋਵੇਂ ਵਿਧਾਇਕਾਂ ਦੇ ਪਤੀ ਆਪੋ-ਆਪਣੇ ਹਲਕਿਆਂ ਵਿੱਚ ਲੋਕਾਂ ਨੂੰ ਮਿਲ ਰਹੇ ਹਨ ਤੇ ਨਾਲ ਹੀ ਸਰਕਾਰੀ ਕੰਮਾਂ ਦੇ ਉਦਘਾਟਨ ਵੀ ਕਰ ਰਹੇ ਹਨ। ਇਸ ਦੇ ਨਾਲ ਹੀ ਵਿਰੋਧੀ ਪਾਰਟੀਆਂ ਹੁਣ ਇਸ ਮੁੱਦੇ 'ਤੇ ਆਮ ਆਦਮੀ ਪਾਰਟੀ ਨੂੰ ਘੇਰਨ ਦੀ ਤਿਆਰੀ ਕਰ ਰਹੀਆਂ ਹਨ।


 ਇਹ ਵੀ ਪੜ੍ਹੋ : 'ਵਾਰਿਸ ਪੰਜਾਬ ਦੇ' ਮੁਖੀ ਅੰਮ੍ਰਿਤਪਾਲ ਸਿੰਘ ਦਾ 10 ਫਰਵਰੀ ਨੂੰ ਹੋਵੇਗਾ ਵਿਆਹ: ਸੂਤਰ

ਹਾਲ ਹੀ ਵਿੱਚ ਸੰਗਰੂਰ ਦੀ ਸਬਜ਼ੀ ਮੰਡੀ ਵਿੱਚ ਸੀਸੀ ਫਲੋਰਿੰਗ ਦਾ ਉਦਘਾਟਨ ਕੀਤਾ ਗਿਆ ਹੈ। ਇਸ ਦੌਰਾਨ ਵਿਧਾਇਕ ਨਰਿੰਦਰ ਕੌਰ ਭਰਾਜ ਦੇ ਪਤੀ ਮਨਦੀਪ ਸਿੰਘ ਉਦਘਾਟਨ ਕਰਨ ਪੁੱਜੇ। ਖਾਸ ਗੱਲ ਇਹ ਹੈ ਕਿ ਉਦਘਾਟਨ ਲਈ ਲਗਾਈ ਗਈ ਸਲੈਬ 'ਤੇ ਵਿਧਾਇਕ ਨਰਿੰਦਰ ਕੌਰ ਭਰਾਜ ਦਾ ਨਾਂ ਸੀ ਪਰ ਉਦਘਾਟਨ ਪਤੀ ਮਨਦੀਪ ਸਿੰਘ ਨੇ ਕੀਤਾ। ਦੂਜੇ ਪਾਸੇ ਲੁਧਿਆਣਾ ਦੇ ਵਾਰਡ ਨੰਬਰ 22 ਵਿੱਚ ਪੈਂਦੇ ਸਰਕਾਰੀ ਸਕੂਲ ਸ਼ੇਰਪੁਰ ਵਿੱਚ ਹੀ ਕੰਪਿਊਟਰ ਲੈਬ ਦਾ ਉਦਘਾਟਨ ਕੀਤਾ ਗਿਆ। ਇਸ ਦੌਰਾਨ ਉਦਘਾਟਨ ਲਈ ਵਿਧਾਇਕ ਰਜਿੰਦਰਪਾਲ ਕੌਰ ਦੇ ਪਤੀ ਹਰਪ੍ਰੀਤ ਸਿੰਘ ਪੁੱਜੇ ਸਨ।




ਦੱਸ ਦੇਈਏ ਕਿ ਇਸ ਵਾਰ ਪੰਜਾਬ ਵਿਧਾਨ ਸਭਾ ਵਿੱਚ 13 ਮਹਿਲਾ ਵਿਧਾਇਕਾਂ ਨੇ ਜਿੱਤ ਦਰਜ ਕੀਤੀ ਹੈ। 2022 ਦੀਆਂ ਚੋਣਾਂ ਲਈ 92 ਵਿਧਾਇਕਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ। ਸਾਰੀਆਂ ਪਾਰਟੀਆਂ ਨੇ ਮਹਿਲਾ ਸਸ਼ਕਤੀਕਰਨ ਦੇ ਨਾਂ 'ਤੇ ਵੋਟਾਂ ਮੰਗੀਆਂ ਪਰ ਫਿਰ ਵੀ ਜ਼ਿਆਦਾਤਰ ਮਹਿਲਾ ਵਿਧਾਇਕਾਂ ਦੇ ਪਤੀ ਹੀ ਹਲਕਿਆਂ 'ਚ ਪਹੁੰਚ ਕੇ ਜਨਤਾ ਨਾਲ ਰਾਬਤਾ ਰੱਖ ਕੇ ਸਰਕਾਰੀ ਕੰਮਾਂ ਦੇ ਉਦਘਾਟਨ ਕਰ ਰਹੇ ਹਨ।

ਜਿਕਰਯੋਗ ਹੈ ਕਿ ਪੰਜਾਬ ਸਰਕਾਰ ਦੇ ਦਿਹਾਤੀ ਵਿਕਾਸ ਤੇ ਪੰਚਾਇਤੀ ਰਾਜ ਵਿਭਾਗ ਨੇ ਬੀਤੇ ਸਮੇਂ ਪੰਚ, ਸਰਪੰਚ, ਬਲਾਕ ਸਮਿਤੀ ਤੇ ਜ਼ਿਲ੍ਹਾ ਪਰਿਸ਼ਦਾਂ ‘ਚ ਚੁਣ ਕੇ ਆਈਆਂ ਔਰਤਾਂ ਦੀ ਜਗ੍ਹਾ ਉਨ੍ਹਾਂ ਦੇ ਪਤੀ, ਭਾਈ ਜਾਂ ਪੁੱਤਰ ਆਦਿ ਦੀ ਮੀਟਿੰਗਾਂ ‘ਚ ਹਾਜ਼ਰੀ ਬੰਦ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਸੀ ਕਿ ਜੇਕਰ ਕੋਈ ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।