Sangrur News: ਲਹਿਰਾਗਾਗਾ ਸ਼ਹਿਰ ਦੇ ਨੇੜਿਓਂ ਲਹਿਰਾ ਸੁਨਾਮ ਮੁੱਖ ਮਾਰਗ ਤੋਂ ਲੰਘਦੀ ਘੱਗਰ ਬਰਾਂਚ ਨਹਿਰ ਵਿੱਚ 15 ਫੁੱਟ ਪਾੜ ਪੈ ਜਾਣ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਇਸ ਨਹਿਰ ਦੀ ਡੁੰਘਾਈ ਲਗਪਗ ਅੱਠ ਫੁੱਟ ਦੇ ਕਰੀਬ ਹੈ।
ਸ਼ਹਿਰ ਨਿਵਾਸੀਆਂ ਵਿੱਚੋਂ ਗੁਰਪ੍ਰੀਤ ਸਿੰਘ ਸਮੇਤ ਹੋਰਨਾਂ ਨੇ ਦੱਸਿਆ ਕਿ ਨਹਿਰ ਵਿੱਚ ਕੱਲ੍ਹ ਸ਼ਾਮ ਨੂੰ ਪਾਣੀ ਬਹੁਤ ਜ਼ਿਆਦਾ ਮਾਤਰਾ ਵਿੱਚ ਛੱਡਿਆ ਗਿਆ ਜੋ ਪੁਲਾਂ ਦੇ ਨਾਲ ਖਹਿ ਕੇ ਲੰਘ ਰਿਹਾ ਹੈ। ਇਸ ਕਾਰਨ ਕਾਠ ਪੁਲ ਕੋਲ ਰੇਲ ਗੱਡੀਆਂ ਵੀ ਬਹੁਤ ਧੀਮੀ ਰਫਤਾਰ ਵਿੱਚ ਲੰਘ ਰਹੀਆਂ ਹਨ। ਇਸ ਕਾਰਨ ਨਹਿਰ ਇਸ ਪਾਣੀ ਨੂੰ ਨਹੀਂ ਓਟ ਸਕੀ ਤੇ ਪਾੜ ਪੈ ਗਿਆ।
ਉਨ੍ਹਾਂ ਇਹ ਵੀ ਦੱਸਿਆ ਇਹ ਵੀ ਗਨੀਮਤ ਰਹੀ ਕਿ ਪਾੜ ਸ਼ਹਿਰ ਤੋਂ ਦੂਜੇ ਪਾਸੇ ਪਿਆ ਹੈ, ਉਧਰ ਡੂੰਘੇ ਖਤਾਣ ਹਨ। ਜੇਕਰ ਇਹ ਪਾੜ ਸ਼ਹਿਰ ਵਾਲੇ ਪਾਸੇ ਪੈ ਜਾਂਦਾ ਤਾਂ ਬਹੁਤ ਭਾਰੀ ਨੁਕਸਾਨ ਹੋ ਜਾਣ ਦੇ ਖਦਸ਼ੇ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਹੁਣ ਵੀ ਇਹ ਪਾੜ ਜੇਕਰ ਜਲਦੀ ਬੰਦ ਹੋ ਜਾਵੇ ਤਾਂ ਖਤਰਾ ਨਹੀਂ ਤੇ ਜੇਕਰ ਪਾੜ ਹੋਰ ਵਧ ਗਿਆ ਤੇ ਬੰਦ ਨਾ ਹੋਇਆ ਤਾਂ ਪਿੰਡ ਗਾਗਾ ਨੂੰ ਵੀ ਖਤਰਾ ਪੈਦਾ ਹੋ ਸਕਦਾ ਹੈ।
ਇਸ ਸਬੰਧੀ ਹਾਜ਼ਰ ਥਾਣਾ ਸਦਰ ਮੁਖੀ ਇੰਸਪੈਕਟਰ ਰਣਬੀਰ ਸਿੰਘ ਨੇ ਦੱਸਿਆ, ਕਿ ਸਾਡੀ ਪੁਲਿਸ ਮੌਕੇ ਉੱਤੇ ਪਹੁੰਚ ਗਈ ਸੀ ਜੋ ਪਲ ਪਲ ਦੀ ਨਿਗਰਾਨੀ ਰੱਖ ਰਹੀ ਹੈ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਇਸ ਸਮੇਂ ਨਹਿਰੀ ਵਿਭਾਗ ਦਿਆਲਪੁਰਾ ਨਾਲ ਸਬੰਧਤ ਐਸਡੀਓ ਗੁਰਜੀਤ ਸਿੰਘ ਨੇ ਦੱਸਿਆ ਕਿ ਪਾੜ ਜਲਦੀ ਬੰਦ ਕਰ ਲਿਆ ਜਾਵੇਗਾ। ਜੇਬੀਸੀ ਮਸ਼ੀਨਾਂ ਆ ਗਈਆਂ ਹਨ ਤੇ ਮਿੱਟੀ ਦੇ ਥੈਲੇ ਭਰ ਰਹੇ ਹਾਂ।
ਉਨਾਂ ਇਹ ਵੀ ਦੱਸਿਆ ਕਿ ਨਹਿਰ ਬਣੀ ਨੂੰ 40 ਸਾਲ ਦੇ ਕਰੀਬ ਹੋ ਚੁੱਕੇ ਹਨ ਜਿਸ ਕਾਰਨ ਨਹਿਰ ਦੇ ਕਿਨਾਰਿਆਂ ਦੀ ਹਾਲਤ ਖਸਤਾ ਹੈ। ਇਸ ਨੂੰ ਨਵੀਂ ਬਣਾਉਣ ਲਈ ਤਜਵੀਜ ਭੇਜੀ ਜਾ ਚੁੱਕੀ ਹੈ। ਪਾਸ ਹੋਣ ਉਪਰੰਤ ਜਲਦੀ ਬਣਾਈ ਜਾਵੇਗੀ। ਦੂਜੇ ਪਾਸੇ ਸ਼ਹਿਰ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਜੇਕਰ ਇਹ ਨਹਿਰ ਦੁਬਾਰਾ ਨਵੀਂ ਬਣਦੀ ਹੈ ਤਾਂ ਇਸ ਦੀ ਡੁੰਘਾਈ ਘੱਟ ਕੀਤੀ ਜਾਵੇ ਤੇ ਇਸ ਨੂੰ ਚੌਰਸ ਬਣਾਇਆ ਜਾਵੇ। ਇਸ ਵਿੱਚ ਤਿਲਕ ਕੇ ਡੁੱਬਣ ਕਾਰਨ ਜਾਂ ਗੁੱਸੇ ਵਿੱਚ ਆ ਕੇ ਛਾਲ ਮਾਰਨ ਕਰਕੇ ਬਹੁਤ ਸਾਰੀਆਂ ਜਾਨਾਂ ਜਾ ਚੁੱਕੀਆਂ ਹਨ।