Sangrur News: ਹਲਕਾ ਲਹਿਰਾ ਦੇ ਪਿੰਡ ਰਾਏਧਰਾਣਾ ਤੇ ਜ਼ਲੂਰ ਦਾ ਗੰਦੇ ਪਾਣੀ ਨੂੰ ਲੈ ਕੇ ਕਾਫੀ ਚਿਰਾਂ ਤੋਂ ਆਪਸੀ ਝਗੜਾ ਚੱਲਦਾ ਆ ਰਿਹਾ ਹੈ। ਇਸ ਸਬੰਧੀ ਬੁੱਧਵਾਰ ਨੂੰ ਹਲਕਾ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਮੌਕੇ ਉੱਤੇ ਪਹੁੰਚੇ ਜਿੱਥੇ ਉਨ੍ਹਾਂ ਨੇ ਐਕਸੀਅਨ ਕੈਨਾਲ ਤੇ ਡਰੇਨੇਜ਼ ਵਿਭਾਗ ਦੇ ਅਧਿਕਾਰੀ ਵੀ ਬੁਲਾਏ ਹੋਏ ਸਨ। 


ਇਸ ਮੌਕੇ ਵਿਧਾਇਕ ਗੋਇਲ ਨੇ ਦੱਸਿਆ ਕਿ ਪਿੰਡ ਰਾਏਧਰਾਣਾ ਦਾ ਪਾਣੀ ਸਾਇਫਨ ਰਾਹੀਂ ਜ਼ਲੂਰ ਦੇ ਖੇਤਾਂ ਵੱਲ ਆਉਂਦਾ ਹੈ ਜੋ ਲੜਾਈ-ਝਗੜੇ ਦਾ ਕਾਰਨ ਬਣਦਾ ਹੈ ਤੇ ਇਨ੍ਹਾਂ ਦੋਵਾਂ ਪਿੰਡਾਂ ਵਿੱਚ ਲੜਾਈ ਝਗੜਾ ਰਹਿੰਦਾ ਹੈ। ਗੋਇਲ ਨੇ ਕਿਹਾ ਕਿ ਸਰਕਾਰ ਬਣਨ ਤੋਂ ਬਾਅਦ ਉਹ ਨਿਰੰਤਰ ਕੋਸ਼ਿਸ਼ ਕਰਦੇ ਆ ਰਹੇ ਹਨ ਜਿਸ ਸਬੰਧੀ ਦੋਵੇਂ ਪਿੰਡਾਂ ਦੇ ਮੋਹਤਬਰ ਵਿਅਕਤੀਆਂ ਨੂੰ ਬੁਲਾਇਆ ਗਿਆ। ਇਸ ਗੱਲ ਤੇ ਸਹਿਮਤੀ ਬਣੀ ਕੇ ਪਿੰਡ ਰਾਏਧਰਾਣਾ ਤੋਂ ਜਲੂਰ ਤੱਕ ਸੜਕ ਦੇ ਨਾਲ-ਨਾਲ ਪਾਇਪ ਪਾ ਕੇ ਇਹ ਪਾਣੀ ਡਰੇਨ ਵਿੱਚ ਸੁੱਟਿਆ ਜਾਵੇ। 



ਵਿਧਾਇਕ ਨੇ ਕਿਹਾ ਕਿ ਇਸ ਸਬੰਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੇਰੀ ਡਿਊਟੀ ਲਾਈ ਸੀ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਤੋਂ 70-80 ਲੱਖ ਰੁਪਏ ਦੇ ਕਰੀਬ ਖਰਚ ਆਵੇਗਾ ਕਿਉਂਕਿ ਚਾਰ-ਪੰਜ ਕਿਲੋਮੀਟਰ ਪਾਈਪ ਲਾਈਨ ਪਾਈ ਜਾਵੇਗੀ। ਮੈਂ ਇਸ ਸਬੰਧੀ ਰਿਪੋਰਟ ਮੁੱਖ ਮੰਤਰੀ ਨੂੰ ਦੇ ਦੇਵਾਂਗਾ ਉਮੀਦ ਹੈ ਕਿ ਇਹ ਮਸਲਾ ਜਲਦੀ ਹੱਲ ਹੋ ਜਾਵੇਗਾ। 


ਰਾਏਧਰਾਨਾ ਦੇ ਪਿੰਡ ਦੇ ਲੋਕਾਂ ਨੇ ਕਿਹਾ ਹੈ ਕਿ ਸਾਡੇ ਪਿੰਡ ਦੇ ਲੋਕ ਕੈਂਸਰ ਦੇ ਪੀੜਤ ਹਨ ਜਿਸ ਦਾ ਕਾਰਨ ਪਿੰਡ ਵਿੱਚ ਬਣੇ ਟੋਭਿਆਂ ਦਾ ਨਿਕਾਸ ਨਾ ਹੋਣਾ ਹੈ। ਇਸ ਨੂੰ ਲੈ ਕੇ ਲੰਬੇ ਸਮੇਂ ਤੋਂ ਅਸੀਂ ਪਾਣੀ ਦੀ ਨਿਕਾਸੀ ਲਈ ਤਰਸ ਰਹੇ ਹਾਂ। ਜਦੋਂ ਅਸੀਂ ਪਾਣੀ ਦਾ ਨਿਕਾਸ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਜ਼ਲੂਰ ਪਿੰਡ ਦੇ ਲੋਕ ਉਸ ਨੂੰ ਰੋਕ ਦਿੰਦੇ ਹਨ। ਵਿਧਾਇਕ ਬਰਿੰਦਰ ਕੁਮਾਰ ਗੋਇਲ ਪਹੁੰਚੇ ਜਿਨ੍ਹਾਂ ਤੋਂ ਸਾਨੂੰ ਉਮੀਦ ਹੈ ਕਿ ਹੁਣ ਸਾਰੇ ਮਸਲੇ ਦਾ ਹੱਲ ਹੋ ਸਕਦਾ ਹੈ।


ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਜਰਨਲ ਸਕੱਤਰ ਰਾਮਫਲ  ਸਿੰਘ ਜਲੂਰ ਨੇ ਦੱਸਿਆ, ਕਿ ਪਿੰਡ ਰਾਏਧਰਾਣਾ ਵੱਲੋਂ ਇਹ ਪਾਣੀ ਆਉਣ ਨਾਲ 700 ਏਕੜ ਦੇ ਕਰੀਬ ਫਸਲ ਬਰਬਾਦ ਹੋ ਜਾਂਦੀ ਹੈ। ਇਸ ਲਈ ਇਹ ਪਾਣੀ ਵੱਡੀ ਡਰੇਨ ਵਿਚ ਪਾਇਆ ਜਾਵੇ। ਉਨ੍ਹਾਂ ਉਮੀਦ ਪ੍ਰਗਟਾਈ ਕਿ ਬੇਸ਼ਕ ਪਿਛਲੀਆਂ ਸਰਕਾਰਾਂ ਨੇ ਇਸ ਵਾਰੇ ਕੁੱਝ ਨਹੀਂ ਕੀਤਾ, ਪ੍ਰੰਤੂ ਉਨ੍ਹਾਂ ਹੁਣ ਵਿਧਾਇਕ ਗੋਇਲ ਦੇ ਯਤਨਾਂ ਸਦਕਾ ਇਹ ਮਸਲਾ ਹੱਲ ਹੋਣ ਦੀ ਉਮੀਦ ਬੱਝੀ ਹੈ।