Sangrur News: ਡੀਏਪੀ ਤੇ ਯੂਰੀਆ ਖਾਦ ਨਾਲ ਗੋਬਰ ਦਾ ਥੈਲਾ ਵੇਚਣ ਦੀ ਸ਼ਰਤ ਤੋਂ ਖਫਾ ਕਿਸਾਨਾਂ ਨੇ ਕੇਂਦਰ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਲੀਡਰਾਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਦਿਆਂ ਡੀਏਪੀ ਤੇ ਯੂਰੀਆ ਖਾਦ ਨਾਲ ਗੋਬਰ ਦਾ ਥੈਲਾ ਲਾਉਣ ਵਾਲੇ ਨਾਦਰਸ਼ਾਹੀ ਫੁਰਮਾਨ ਨੂੰ ਕਦੇ ਵੀ ਸਹਿਣ ਨਹੀਂ ਕੀਤਾ ਜਾਏਗਾ। 


ਦੱਸ ਦਈਏ ਕਿ ਖੇਤਾਂ ਵਿੱਚ ਯੂਰੀਆ ਤੇ ਡੀਏਪੀ ਦੀ ਵਰਤੋਂ ਘੱਟ ਕੀਤੀ ਜਾ ਸਕੇ, ਇਸ ਲਈ ਕੇਂਦਰ ਸਰਕਾਰ ਨਵੀਂ ਸਕੀਮ ਲੈ ਕੇ ਆਈ ਹੈ। ਕੇਂਦਰ ਸਰਕਾਰ ਨੇ ਖਾਦ ਕੰਪਨੀਆਂ ਨੂੰ ਸਖ਼ਤ ਹਦਾਇਤ ਕੀਤੀ ਹੈ ਕਿ ਯੂਰੀਆ ਤੇ ਡੀਏਪੀ ਨਾਲ ਲਾਜ਼ਮੀ ਤੌਰ 'ਤੇ ਗੋਬਰ ਖਾਦ ਵੀ ਵੇਚੀ ਜਾਵੇ। ਕੇਂਦਰ ਸਰਕਾਰ ਨੇ ਇਹ ਹੁਕਮ ਖਾਦ ਤਿਆਰ ਕਰਨ ਵਾਲੀਆਂ ਕੰਪਨੀਆਂ ਨੂੰ ਜਾਰੀ ਕੀਤੇ ਹਨ ਕਿ ਜਿਹੜੇ ਵੀ ਡੀਲਰ ਨੂੰ ਤੁਸੀਂ ਯੂਰੀਆ ਤੇ ਡੀਏਪੀ ਵੇਚੋਗੇ ਉਸ ਨੂੰ ਦੇਸੀ ਢੇਰ ਯਾਨੀ ਗੋਬਰ ਖਾਦ ਵੀ ਦਿੱਤੀ ਜਾਵੇ। ਯੂਰੀਆ ਤੇ ਡੀਏਪੀ ਵੱਡੀ ਗਿਣਤੀ ਵਿੱਚ ਪ੍ਰਾਈਵੇਟ ਕੰਪਨੀਆਂ ਕਰ ਰਹੀਆਂ ਹਨ ਜਿਨ੍ਹਾਂ ਦੇ ਪਲਾਂਟ ਹਰਿਆਣਾ ਤੇ ਉੱਤਰ ਪ੍ਰਦੇਸ਼ ਵਿੱਚ ਸਭ ਤੋਂ ਵੱਧ ਹਨ। 



ਬੀਕੇਯੂ ਸਿੱਧੂਪੁਰ ਯੂਨੀਅਨ ਦੇ ਬਲਾਕ ਪ੍ਰਧਾਨ ਭੂਰਾ ਸਿੰਘ ਸਲੇਮਗੜ੍ਹ, ਜਰਨਲ ਸਕੱਤਰ ਰਾਮਫਲ ਸਿੰਘ ਜਲੂਰ ਤੇ ਲਖਵਿੰਦਰ ਸਿੰਘ ਡੂਡੀਆਂ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਖਾਦਾਂ ਕਾਰਪੋਰੇਟ ਕੰਪਨੀਆਂ ਤਿਆਰ ਕਰਦੀਆਂ ਹਨ, ਜਦੋਂਕਿ ਕਿਸਾਨਾਂ ਦੇ ਘਰ ਗਾਵਾਂ ਮੱਝਾਂ ਦੇ ਮਲ-ਮੂਤਰ ਤੋਂ ਰੂੜੀ ਦੇ ਰੂਪ ਵਿੱਚ ਇਹ ਗੋਬਰ ਦੇ ਥੈਲੇ ਤੋਂ ਵੀ ਵਧੀਆ ਖਾਦ ਤਿਆਰ ਹੁੰਦੀ ਹੈ। 


ਉਨ੍ਹਾਂ ਕਿਹਾ ਕਿ ਕੇਂਦਰ ਦੇ ਇਸ ਹੁਕਮ ਨਾਲ ਕਿਸਾਨਾਂ ‘ਤੇ ਹੋਰ ਵੀ ਆਰਥਿਕ ਬੋਝ ਪਵੇਗਾ ਜਦੋਂ ਕਿ ਕਿਸਾਨੀ ਪਹਿਲਾਂ ਹੀ ਕਰਜ਼ੇ ਦੇ ਬੋਝ ਥੱਲੇ ਦੱਬੀ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਹ ਗੋਬਰ ਖਾਦ ਅਤੇ ਫਾਲਤੂ ਸਾਮਾਨ ਲਾਉਣਾ ਬੰਦ ਕਰੇ, ਨਹੀਂ ਫਿਰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਇਸ ਫ਼ਰਮਾਨ ਖ਼ਿਲਾਫ਼ ਸੰਘਰਸ਼ ਅਰੰਭਿਆ ਜਾਵੇਗਾ। 



ਇਸ ਮੌਕੇ ਮੀਤ ਪ੍ਰਧਾਨ ਜਗਜੀਤ ਸਿੰਘ, ਲੀਲਾ ਸਿੰਘ, ਮੀਤ ਪ੍ਰਧਾਨ ਤਰਸੇਮ ਸਿੰਘ ਰਾਏਧਰਾਣਾ, ਬਲਵਿੰਦਰ ਸਿੰਘ ਜਲੂਰ, ਪਰਗਟ ਸਿੰਘ, ਨਿਰਭੈ ਸਿੰਘ ਰੋੜੇਵਾਲਾ, ਬਲਬੀਰ ਸਿੰਘ, ਸੁਖਦੇਵ ਸਿੰਘ ਨੰਗਲਾ ਅਤੇ ਰਾਮ ਕ੍ਰਿਸਨ ਸਮੇਤ ਬਹੁਤ ਸਾਰੇ ਕਿਸਾਨ ਮੌਜੂਦ ਸਨ।