Sangrur News: ਪੰਜਾਬ ਦੇ ਅਧਿਆਪਕ ਹੁਣ ਹੜ੍ਹ ਰੋਕਣਗੇ। ਬੱਚਿਆਂ ਨੂੰ ਪੜ੍ਹਾਉਣ ਦੀ ਥਾਂ ਉਨ੍ਹਾਂ ਦੀਆਂ ਹੜ੍ਹ ਕੰਟਰੋਲ ਪ੍ਰਬੰਧਾਂ ਲਈ ਡਿਊਟੀਆਂ ਲਾਈਆਂ ਗਈਆਂ ਹਨ। ਡੈਮੋਕ੍ਰੈਟਿਕ ਟੀਚਰਜ਼ ਫਰੰਟ ਵੱਲੋਂ ਅਧਿਆਪਕਾਂ ਦੀਆਂ ਡਿਊਟੀਆਂ ਹੜ੍ਹ ਕੰਟਰੋਲ ਪ੍ਰਬੰਧਾਂ ’ਚ ਲਗਾਉਣ ਦਾ ਗੰਭੀਰ ਨੋਟਿਸ ਲਿਆ ਹੈ ਤੇ ਤੁਰੰਤ ਡਿਊਟੀਆਂ ਕੱਟਣ ਦੀ ਮੰਗ ਕੀਤੀ ਹੈ। ਅਧਿਆਪਕਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਡਿਊਟੀਆਂ ਤੁਰੰਤ ਨਹੀਂ ਕੱਟੀਆਂ ਜਾਂਦੀਆਂ ਤਾਂ ਸੰਘਰਸ਼ ਕੀਤਾ ਜਾਵੇਗਾ।



ਡੀਟੀਐਫ ਸੰਗਰੂਰ ਦੇ ਪ੍ਰਧਾਨ ਸੁਖਵਿੰਦਰ ਗਿਰ, ਜਨਰਲ ਸਕੱਤਰ ਅਮਨ ਵਸਿਸ਼ਟ, ਸੂਬਾ ਕਮੇਟੀ ਮੈਂਬਰ ਰਘਵੀਰ ਸਿੰਘ ਭਵਾਨੀਗੜ੍ਹ, ਦਲਜੀਤ ਸਫੀਪੁਰ, ਮੇਘ ਰਾਜ ਤੇ ਪ੍ਰੈੱਸ ਸਕੱਤਰ ਕਰਮਜੀਤ ਨਦਾਮਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਦਾ ਬਜਟ ਵਧਾਉਣ ਦਾ ਤੇ ਨਿੱਤ ਨਵੀਆਂ ਸਿੱਖਿਆ ਸਕੀਮਾਂ ਤੇ ਸਿੱਖਿਆ ਵਿੱਚ ਸੁਧਾਰ ਕਰਨ ਅਤੇ ਅਧਿਆਪਕਾਂ ਦੀ ਡਿਊਟੀ ਗ਼ੈਰ-ਵਿਦਿਅਕ ਕੰਮਾਂ ਵਿੱਚ ਨਾ ਲਗਾ ਕੇ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਦੇ ਦਾਅਵੇ ਕਰ ਰਹੀ ਹੈ। 


ਦੂਜੇ ਪਾਸੇ, ਅਧਿਆਪਕਾਂ ਦੀ ਡਿਊਟੀ ਬੀਐਲਓ, ਚੋਣਾਂ, ਸਰਵੇ ਤੇ ਇੱਥੋਂ ਤੱਕ ਕਿ ਫਲੱਡ ਕੰਟਰੋਲ ਦੇ ਕੰਮਾਂ ਵਿੱਚ ਲਗਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਲਹਿਰਾਗਾਗਾ ਸਬ-ਡਿਵੀਜ਼ਨ ਵਿੱਚ ਬਹੁਤ ਸਾਰੇ ਅਧਿਆਪਕਾਂ ਦੀ ਡਿਊਟੀ ਫਲੱਡ ਕੰਟਰੋਲ ਰੂਮ ਵਿੱਚ ਲਗਾਈ ਗਈ ਹੈ। ਇਨ੍ਹਾਂ ਡਿਊਟੀਆਂ ਵਿੱਚ ਵੱਡੀ ਗਿਣਤੀ ਔਰਤ ਅਧਿਆਪਕਾਂ ਦੀ ਹੈ। 



ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਸਿੱਖਿਆ ਬਾਰੇ ਕੀਤੇ ਦਾਅਵੇ ਫੋਕੇ ਸਾਬਤ ਹੋ ਰਹੇ ਹਨ। ਜੇ ਇਹੋ ਜਿਹੇ ਯੋਗ ਅਧਿਆਪਕਾਂ ਦੀ ਡਿਊਟੀ ਇਹੋ ਜਿਹੇ ਬੇਹੁਨਰ ਕੰਮ ਵਿੱਚ ਲਗਾਈ ਜਾਵੇਗੀ ਤਾਂ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋਵੇਗਾ। ਡੀਟੀਐਫ ਆਗੂਆਂ ਗੁਰਜੀਤ ਸ਼ਰਮਾ, ਕਮਲਜੀਤ ਬਨਭੌਰਾ, ਕੁਲਵੰਤ ਖਨੌਰੀ, ਰਾਜ ਸੈਣੀ, ਰਵਿੰਦਰ ਦਿੜ੍ਹਬਾ, ਮਨਜੀਤ ਲਹਿਰਾ, ਦੀਨਾ ਨਾਥ, ਸ਼ਿਵਾਲੀ ਲਹਿਰਾ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਡਿਊਟੀਆਂ ਤੁਰੰਤ ਨਹੀਂ ਕੱਟੀਆਂ ਜਾਂਦੀਆਂ ਤਾਂ ਸੰਘਰਸ਼ ਕੀਤਾ ਜਾਵੇਗਾ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।