Sangrur News: ਮੁੱਖ ਮੰਤਰੀ ਭਗਵੰਤ ਮਾਨ ਦਾ ਸ਼ਹਿਰ ਸੰਗਰੂਰ ਸੰਘਰਸ਼ ਦਾ ਅਖਾੜਾ ਬਣਦਾ ਜਾ ਰਿਹਾ ਹੈ। ਕੱਚੇ ਅਧਿਆਪਕਾਂ ਮਗਰੋਂ ਹੁਣ ਪੰਜਾਬ ਪੁਲਿਸ ਵਿੱਚ ਭਰਤੀ ਹੋਣ ਵਾਲੇ ਨੌਜਵਾਨ ਵੀ ਆ ਡਟੇ ਹਨ। ਸੋਮਵਾਰ ਨੂੰ ਦੋ ਲੜਕੀਆਂ ਮੋਬਾਈਲ ਟਾਵਰ ’ਤੇ ਚੜ੍ਹ ਗਈਆਂ। ਉਨ੍ਹਾਂ ਕਿਹਾ ਕਿ ਜਲੰਧਰ ਹਲਕੇ ਦੀ ਜ਼ਿਮਨੀ ਲੋਕ ਸਭਾ ਵੇਲੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਾਅਦਾ ਕੀਤਾ ਸੀ ਕਿ ਜਲਦ ਹੀ ਮਸਲੇ ਦਾ ਹੱਲ ਕੀਤਾ ਜਾਵੇਗਾ ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਮੰਗ ਕੀਤੀ ਕਿ ਵੇਟਿੰਗ ਲਿਸਟ ਕਲੀਅਰ ਕਰਕੇ ਨੌਕਰੀ ’ਤੇ ਜੁਆਇਨ ਕਰਵਾਇਆ ਜਾਵੇ। 



ਦੱਸ ਦਈਏ ਕਿ ਕਿ ਇੱਥੋਂ ਕੁਝ ਕੁ ਦੂਰੀ ’ਤੇ ਸਥਿਤ ਪਿੰਡ ਖੁਰਾਣਾ ਦੀ ਪਾਣੀ ਵਾਲੀ ਟੈਂਕੀ ’ਤੇ ਪਿਛਲੇ 21 ਦਿਨਾਂ ਤੋਂ ਅਧਿਆਪਕ ਇੰਦਰਜੀਤ ਸਿੰਘ ਮਾਨਸਾ ਵੀ ਚੜ੍ਹਿਆ ਹੋਇਆ ਹੈ। ਇਸ ਲਈ ਸੰਗਰੂਰ ਹੁਣ ਸੰਘਰਸ਼ ਦਾ ਅਖਾੜਾ ਬਣਦਾ ਜਾ ਰਿਹਾ ਹੈ। ਅਹਿਮ ਗੱਲ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਰਕਾਰ ਬਣਨ ਤੋਂ ਪਹਿਲਾਂ ਕਿਹਾ ਸੀ ਕਿ ਸਾਡੀ ਸਰਕਾਰ ਬਣਨ ਮਗਰੋਂ ਕਿਸੇ ਨੂੰ ਰੋਸ ਪ੍ਰਦਰਸ਼ਨ ਨਹੀਂ ਕਰਨਾ ਪਵੇਗਾ। ਹੁਣ ਹਾਲਾਤ ਇਹ ਬਣ ਗਏ ਹਨ ਕਿ ਮੁੜ ਪ੍ਰਦਰਸ਼ਕਾਰੀਆਂ ਉੱਪਰ ਲਾਠੀਚਾਰਜ ਹੋਣ ਲੱਗੇ ਹਨ।



ਹਾਸਲ ਜਾਣਕਾਰੀ ਮੁਤਾਬਕ ਸੋਮਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਵਾਲੀ ਕਲੋਨੀ ਨੇੜੇ ਪੰਜਾਬ ਪੁਲਿਸ ਭਰਤੀ 2016 ਦੀ ਵੇਟਿੰਗ ਲਿਸਟ ’ਚ ਸ਼ਾਮਲ ਦੋ ਲੜਕੀਆਂ ਮੋਬਾਈਲ ਟਾਵਰ ’ਤੇ ਚੜ੍ਹ ਗਈਆਂ, ਜਦਕਿ ਬਾਕੀ ਉਮੀਦਵਾਰਾਂ ਨੇ ਟਾਵਰ ਹੇਠਾਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਨੌਜਵਾਨ ਵੇਟਿੰਗ ਲਿਸਟ ਕਲੀਅਰ ਕਰਕੇ ਨੌਕਰੀ ’ਤੇ ਜੁਆਇਨ ਕਰਾਉਣ ਦੀ ਮੰਗ ਕਰ ਰਹੇ ਹਨ। 



ਦੱਸ ਦਈਏ ਕਿ ਸੋਮਵਾਰ ਨੂੰ ਪੰਜਾਬ ਪੁਲੀਸ ਭਰਤੀ ਸਾਲ 2016 ਦੀ ਵੇਟਿੰਗ ਲਿਸਟ ਉਮੀਦਵਾਰ ਦੋ ਲੜਕੀਆਂ ਸਰਬਜੀਤ ਕੌਰ ਅਬੋਹਰ ਤੇ ਹਰਦੀਪ ਕੌਰ ਫਾਜ਼ਿਲਕਾ ਮੁੱਖ ਮੰਤਰੀ ਦੀ ਰਿਹਾਇਸ਼ ਵਾਲੀ ਡਰੀਮ ਲੈਂਡ ਕਲੋਨੀ ਤੋਂ ਥੋੜ੍ਹੀ ਦੂਰ ਸਿਧਾਣਾ ਸਾਹਿਬ ਲਿੰਕ ਸੜਕ ਦੇ ਨੇੜੇ ਲੱਗੇ ਮੋਬਾਈਲ ਟਾਵਰ ’ਤੇ ਚੜ੍ਹ ਗਈਆਂ ਜਦਕਿ ਹੇਠਾਂ ਵੇਟਿੰਗ ਲਿਸਟ ਭਰਤੀ ਉਮੀਦਵਾਰਾਂ ਅਮਨਦੀਪ ਸਿੰਘ, ਜਗਸੀਰ ਸਿੰਘ, ਲਖਵਿੰਦਰ ਸਿੰਘ, ਜਗਜੀਤ ਸਿੰਘ ਤੇ ਲਖਵੀਰ ਸਿੰਘ ਆਦਿ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। 


ਉਨ੍ਹਾਂ ਕਿਹਾ ਕਿ ਉਹ ਪੰਜਾਬ ਪੁਲੀਸ 2016 ਦੇ ਭਰਤੀ ਉਮੀਦਵਾਰ ਹਨ ਪਰ ਮੈਰਿਟ ਲਿਸਟ ਵਿਚ ਨਾਮ ਆਉਣ ਦੇ ਬਾਵਜੂਦ ਕੁਝ ਕਾਰਨਾਂ ਕਰਕੇ ਉਨ੍ਹਾਂ ਨੂੰ ਵੇਟਿੰਗ ਲਿਸਟ ਵਿੱਚ ਰੱਖ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਦਸੰਬਰ-2022 ਵਿਚ 300 ਉਮੀਦਵਾਰਾਂ ਨੂੰ ਨੌਕਰੀ ’ਤੇ ਜੁਆਇਨ ਕਰਵਾ ਲਿਆ ਗਿਆ ਹੈ, ਬਾਕੀ 700 ਉਮੀਦਵਾਰਾਂ ਨੂੰ ਅਜੇ ਤੱਕ ਜੁਆਇਨ ਨਹੀਂ ਕਰਵਾਇਆ ਗਿਆ। 


ਉਨ੍ਹਾਂ ਕਿਹਾ ਕਿ ਜਲੰਧਰ ਹਲਕੇ ਦੀ ਜ਼ਿਮਨੀ ਲੋਕ ਸਭਾ ਵੇਲੇ ਮੁੱਖ ਮੰਤਰੀ ਨੇ ਵਾਅਦਾ ਕੀਤਾ ਸੀ ਕਿ ਜਲਦ ਹੀ ਮਸਲੇ ਦਾ ਹੱਲ ਕੀਤਾ ਜਾਵੇਗਾ ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਮੰਗ ਕੀਤੀ ਕਿ ਵੇਟਿੰਗ ਲਿਸਟ ਕਲੀਅਰ ਕਰਕੇ ਨੌਕਰੀ ’ਤੇ ਜੁਆਇਨ ਕਰਵਾਇਆ ਜਾਵੇ। ਇਸ ਦੌਰਾਨ ਐਸਪੀ (ਡੀ) ਸੰਗਰੂਰ ਅਤੇ ਥਾਣਾ ਸਦਰ ਪੁਲਿਸ ਦੇ ਐਸਐਚਓ ਮੌਕੇ ’ਤੇ ਪੁੱਜੇ। ਉਨ੍ਹਾਂ ਪ੍ਰਦਰਸ਼ਨਕਾਰੀ ਨੌਜਵਾਨਾਂ ਨਾਲ ਗੱਲਬਾਤ ਕੀਤੀ। ਪ੍ਰਦਰਸ਼ਨਕਾਰੀ ਮੰਗ ਕਰ ਰਹੇ ਸਨ ਕਿ ਉਨ੍ਹਾਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਤੈਅ ਕਰਵਾਈ ਜਾਵੇ।