Sangrur News: ਪੰਜਾਬ ਸਰਕਾਰ ਵੱਲੋਂ ਪੰਚਾਇਤੀ ਤੇ ਸਰਕਾਰੀ ਜ਼ਮੀਨਾਂ ’ਤੇ ਜੰਗਲ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਸੰਗਰੂਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰੀਬ 9 ਮਹੀਨੇ ਪਹਿਲਾਂ ਖਾਲੀ ਪਈਆਂ ਪੰਚਾਇਤੀ ਤੇ ਸਰਕਾਰੀ ਜ਼ਮੀਨਾਂ ’ਤੇ ਮਿਨੀ ਜੰਗਲ ਤਿਆਰ ਕਰਨ ਲਈ ਆਰੰਭੀ ‘ਅੰਮ੍ਰਿਤ ਵਣ’ ਨਾਂ ਦੀ ਮੁਹਿੰਮ ਦੇ ਸਾਰਥਕ ਨਤੀਜੇ ਸਾਹਮਣੇ ਆਉਣ ਲੱਗ ਪਏ ਹਨ।
ਇਸ ਬਾਰੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਇਸ ਟੀਚੇ ਤਹਿਤ ਜ਼ਿਲ੍ਹੇ ਦੇ ਪਿੰਡਾਂ ਵਿੱਚ 290 ਏਕੜ ਰਕਬੇ ਵਿੱਚ ਰਵਾਇਤੀ ਰੁੱਖਾਂ ਦੇ 138 ਅੰਮ੍ਰਿਤ ਵਣ, ਜਿਨ੍ਹਾਂ ਨੂੰ ਮਿਨੀ ਜੰਗਲ ਦਾ ਨਾਮ ਵੀ ਦਿੱਤਾ ਜਾਂਦਾ ਹੈ, ਚੰਗੀ ਤਰ੍ਹਾਂ ਵਧ ਫੁੱਲ ਰਹੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਅੰਮ੍ਰਿਤ ਵਣਾਂ ਰਾਹੀਂ ਲੋਕਾਂ ਨੂੰ ਕੁਦਰਤੀ ਰੂਪ ਵਿੱਚ ਭਰਪੂਰ ਆਕਸੀਜਨ ਮਿਲੇਗੀ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਜੀਤ ਵਾਲੀਆ ਦੀ ਨਿਗਰਾਨੀ ਅਤੇ ਰਾਉਂਡ ਗਲਾਸ ਫਾਊਂਡੇਸ਼ਨ ਦੇ ਸਹਿਯੋਗ ਨਾਲ ਸੰਗਰੂਰ ਜ਼ਿਲੇ ’ਚ ਜੰਗਲ ਹੇਠਲੇ ਰਕਬੇ ਨੂੰ ਵਧਾਉਣ ਦੀ ਇੱਕ ਨਿਵੇਕਲੀ ਕੋਸ਼ਿਸ਼ ਕੀਤੀ ਗਈ ਹੈ ਤਾਂ ਜੋ ਲੋਕਾਂ ਨੂੰ ਪ੍ਰਦੂਸ਼ਣ ਰਹਿਤ ਤੇ ਹਰਿਆਵਲ ਭਰਪੂਰ ਵਾਤਾਵਰਨ ਮੁਹੱਈਆ ਕਰਵਾਉਂਦੇ ਹੋਏ ਕੁਦਰਤੀ ਰੂਪ ਵਿੱਚ ਆਕਸੀਜਨ ਨੂੰ ਵਧਾਇਆ ਜਾ ਸਕੇ।
ਇਹ ਹਰਾ ਭਰਾ ਚੌਗਿਰਦਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਕੁਦਰਤ ਨਾਲ ਨੇੜਿਓਂ ਸਾਂਝ ਪਾਉਣ ਦੇ ਸਮਰੱਥ ਬਣੇਗਾ। ਇਸ ਮੁਹਿੰਮ ਤਹਿਤ ਜ਼ਿਲ੍ਹੇ ਦੇ ਪਿੰਡਾਂ ਵਿੱਚ ਘੱਟ ਤੋਂ ਘੱਟ 1 ਕਨਾਲ ਤੋਂ ਲੈ ਕੇ 10 ਏਕੜ ਰਕਬੇ ’ਤੇ ਵੱਖ ਵੱਖ ਰਵਾਇਤੀ ਕਿਸਮਾਂ ਦੇ ਕਰੀਬ 3 ਲੱਖ ਰੁੱਖ ਲਗਾਏ ਜਾ ਚੁੱਕੇ ਹਨ ਅਤੇ ਕਰੀਬ 6 ਤੋਂ 8 ਫੁੱਟ ਉੱਚੇ ਹੋ ਚੁੱਕੇ ਇਹ ਰੁੱਖ ਵੰਨ ਸੁਵੰਨੇ ਜੀਵ ਜੰਤੂਆਂ ਦਾ ਰੈਣ ਬਸੇਰਾ ਬਣ ਰਹੇ ਹਨ।
ਉਨ੍ਹਾਂ ਦੱਸਿਆ ਕਿ ਰਵਾਇਤੀ ਰੁੱਖਾਂ ਦੇ ਨਾਲ-ਨਾਲ ਫ਼ਲਾਂ ਦੇ ਬਾਗ਼ਾਂ ਰਾਹੀਂ ਇਸ ਮੁਹਿੰਮ ਤਹਿਤ ਲੋਕਾਂ ਤੇ ਪੰਚਾਇਤਾਂ ਦੀ ਆਮਦਨ ’ਚ ਵਾਧਾ ਹੋਣ ਦੀਆਂ ਸੰਭਾਵਨਾਵਾਂ ਵੀ ਹਨ। ਉਨਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਲਾਏ ਜਾ ਰਹੇ ਬੂਟਿਆਂ ਅਤੇ ਇਨਾਂ ਦੀ ਸਾਂਭ-ਸੰਭਾਲ ਮਗਨਰੇਗਾ ਸਕੀਮ ਅਧੀਨ ਕੀਤੀ ਜਾ ਰਹੀ ਹੈ ਜਿਸ ਦਾ ਵਿੱਤੀ ਲਾਭ ਮਗਨਰੇਗਾ ਮਜ਼ਦੂਰਾਂ ਨੂੰ ਮਿਲ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸੇ ਤਰ੍ਹਾਂ ਬੂਟਿਆਂ ਦੀ ਸੁਰੱਖਿਅਤ ਸਾਂਭ ਸੰਭਾਲ ਤੇ ਵਿਕਾਸ ਲਈ ਮਗਨਰੇਗਾ ਤਹਿਤ ਵਣ ਮਿੱਤਰਾਂ ਨੂੰ ਵੀ ਜ਼ਿੰਮੇਵਾਰੀ ਸੌਂਪੀ ਗਈ ਹੈ ਜਿਸ ਨਾਲ ਉਹ ਵੀ ਬਣਦਾ ਮਿਹਨਤਾਨਾ ਹਾਸਲ ਕਰ ਸਕਣਗੇ।