ਅਨਿਲ ਜੈਨ ਦੀ ਰਿਪੋਰਟ
Sangrur News: ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਅੱਜ ਕਣਕ ਦੇ ਖਰੀਦ ਪ੍ਰਬੰਧਾਂ ਸਬੰਧੀ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕਰਦਿਆਂ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਹਦਾਇਤ ਕੀਤੀ ਕਿ ਕਿਸਾਨਾਂ ਨੂੰ ਅਨਾਜ ਮੰਡੀਆਂ ਵਿੱਚ ਕਿਸੇ ਕਿਸਮ ਦੀ ਪਰੇਸ਼ਾਨੀ ਪੇਸ਼ ਨਾ ਆਵੇ ਤੇ ਕਣਕ ਦੀ ਆਮਦ ਦੇ ਨਾਲੋ ਨਾਲ ਹੀ ਬਿਨਾਂ ਕਿਸੇ ਦੇਰੀ ਤੋਂ ਫਸਲ ਦੀ ਖਰੀਦ ਕਰਨ ਦੇ ਨਾਲ ਨਾਲ ਮੰਡੀਆਂ ਵਿੱਚ ਜਿਣਸ ਦੀ ਚੁਕਾਈ ਅਤੇ ਖਰੀਦੀ ਜਿਣਸ ਦੀ ਅਦਾਇਗੀ ਸਮੇਤ ਹੋਰ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਜਾਵੇ।
ਡਿਪਟੀ ਕਮਿਸ਼ਨਰ ਨੇ ਮੀਟਿੰਗ ਵਿੱਚ ਹਾਜ਼ਰ ਸਮੂਹ ਉਪ ਮੰਡਲ ਮੈਜਿਸਟਰੇਟ ਅਤੇ ਸਰਕਲ ਰੈਵੇਨਿਊ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਬ ਡਵੀਜਨਾਂ ਵਿੱਚ ਖੁਦ ਮੰਡੀਆਂ ਦੀ ਨਿਗਰਾਨੀ ਰੱਖੀ ਜਾਵੇ ਅਤੇ ਕਣਕ ਦੀ ਖਰੀਦ ਪ੍ਰਕਿਰਿਆ ਨਾਲ ਜੁੜੀ ਕੋਈ ਵੀ ਸਮੱਸਿਆ ਪੇਸ਼ ਆਉਣ ’ਤੇ ਫੌਰੀ ਢੁਕਵੇਂ ਹੱਲ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਨੇ ਮੰਡੀਆਂ ਵਿੱਚ ਬਾਰਦਾਨੇ ਦੀ ਉਪਲਬਧਤਾ, ਬਰਸਾਤਾਂ ਦੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਲੋੜ ਮੁਤਾਬਕ ਤਰਪਾਲਾਂ ਦੀ ਉਪਲਬਧਤਾ, ਕਿਸਾਨਾਂ, ਮਜ਼ਦੂਰਾਂ ਆਦਿ ਦੇ ਬੈਠਣ ਸਮੇੇਤ ਹੋਰ ਬੁਨਿਆਦੀ ਲੋੜਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਦੇ ਆਦੇਸ਼ ਵੀ ਦਿੱਤੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਸਮੁੱਚੇ ਸੀਜ਼ਨ ਦੌਰਾਨ ਖਰੀਦ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਸੁਖਾਵਾਂ ਬਣਾਉਣ ਲਈ ਵਚਨਬੱਧ ਹੈ ਤੇ ਸਮੂਹ ਅਧਿਕਾਰੀ ਇਸ ਗੱਲ ਨੂੰ ਯਕੀਨੀ ਬਣਾਉਣਗੇ ਕਿ ਮੰਡੀਆਂ ਵਿੱਚ ਕਿਸੇ ਵੀ ਕਿਸਾਨ, ਆੜ੍ਹਤੀਆਂ, ਮਜ਼ਦੂਰਾਂ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਕਣਕ ਦੀ ਖਰੀਦ ਦੇ ਸੁਚੱਜੇ ਪ੍ਰਬੰਧਾਂ ਲਈ ਦਫ਼ਤਰ ਏਡੀਸੀ ਸੰਗਰੂਰ ਵਿਖੇ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਨੰਬਰ 01672-234362 ਤੇ 85560-11621 ਸਥਾਪਤ ਕੀਤਾ ਗਿਆ ਹੈ ਜਦਕਿ ਸਮੂਹ ਉਪ ਮੰਡਲ ਮੈਜਿਸਟਰੇਟ ਪੱਧਰ ’ਤੇ ਵੀ ਕੰਟਰੋਲ ਰੂਮ ਕਾਰਜਸ਼ੀਲ ਹਨ ਜਿਨ੍ਹਾਂ ’ਤੇ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਦਾ ਨਾਲੋ ਨਾਲ ਨਿਪਟਾਰਾ ਕਰਨ ਦੀ ਹਦਾਇਤ ਕੀਤੀ ਗਈ ਹੈ।
ਮੀਟਿੰਗ ਦੌਰਾਨ ਐਸਡੀਐਮ ਸੰਗਰੂਰ ਨਵਰੀਤ ਕੌਰ ਸੇਖੋਂ, ਐਸਡੀਐਮ ਭਵਾਨੀਗੜ੍ਹ ਵਿਨੀਤ ਕੁਮਾਰ, ਐਸਡੀਐਮ ਸੁਨਾਮ ਜਸਪ੍ਰੀਤ ਸਿੰਘ, ਐਸਡੀਐਮ ਧੂਰੀ ਅਮਿਤ ਗੁਪਤਾ, ਐਸਡੀਐਮ ਲਹਿਰਾ ਸੂਬਾ ਸਿੰਘ, ਐਸਡੀਐਮ ਰਾਜੇਸ਼ ਸ਼ਰਮਾ, ਡੀਐਫਐਸਸੀ ਸਤਬੀਰ ਸਿੰਘ ਮਾਵੀ, ਜ਼ਿਲ੍ਹਾ ਮੰਡੀ ਅਫ਼ਸਰ ਜਸਪਾਲ ਸਿੰਘ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।