Sangrur News: ਪੰਜਾਬ ਅੰਦਰ ਅਜੇ ਵੀ ਖਿਡਾਰੀਆਂ ਨੂੰ ਬਣਦਾ ਮਾਣ ਨਹੀਂ ਮਿਲ ਰਿਹਾ। ਹੁਣ ਤੱਕ ਅਜਿਹੇ ਅਨੇਕਾਂ ਹੀ ਮਾਮਲੇ ਸਾਹਮਣੇ ਆ ਚੁੱਕੇ ਹਨ। ਹੁਣ ਤਾਜ਼ਾ ਮਾਮਲਾ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ਤੋਂ ਸਾਹਮਣੇ ਆਇਆ ਹੈ। ਇੱਥੇ ਹੈਂਡਬਾਲ ਦੇ ਖੇਤਰ ਵਿੱਚ ਪੰਜਾਬ ਦਾ ਨਾਂ ਰੋਸ਼ਨ ਕਰਨ ਵਾਲੀ ਕੌਮੀ ਪੱਧਰ ਦੀ ਖਿਡਾਰਣ ਰਹੀ ਪਰਮਜੀਤ ਕੌਰ ਆਪਣੀ ਵਿਭਾਗੀ ਤਰੱਕੀ ਲਈ ਦਰ-ਦਰ ਠੋਕਰਾਂ ਖਾਣ ਲਈ ਮਜਬੂਰ ਹੈ। 


ਹਾਸਲ ਜਾਣਕਾਰੀ ਮੁਤਾਬਕ ਸਕੂਲ ਸਿੱਖਿਆ ਵਿਭਾਗ ਵਿੱਚ ਬਤੌਰ ਡੀਪੀਈ ਸੇਵਾ ਨਿਭਾਅ ਰਹੀ ਪਰਮਜੀਤ ਕੌਰ ਨੂੰ ਗਿਲ੍ਹਾ ਹੈ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਵਿਭਾਗੀ ਤਰੱਕੀ ਲਈ ਉਸ ਦੇ ਪੱਖ ਨੂੰ ਨਜ਼ਰਅੰਦਾਜ਼ ਕੀਤਾ ਤੇ ਉਸ ਦੀਆਂ ਖੇਡ ਪ੍ਰਾਪਤੀਆਂ ਨੂੰ ਗੰਭੀਰਤਾ ਨਾਲ ਨਹੀਂ ਲਿਆ। ਡੀਪੀਈ ਪਰਮਜੀਤ ਕੌਰ ਦਾ ਦਾਅਵਾ ਹੈ ਕਿ 2016 ਤੋਂ ਬਾਅਦ ਸਟੇਟ ਤੇ ਕੌਮੀ ਮੁਕਾਬਲਿਆਂ ’ਚ ਉਸ ਤੋਂ ਕੋਚਿੰਗ ਪ੍ਰਾਪਤ ਕਰ ਰਹੀਆਂ ਕੁੜੀਆਂ ਲਗਾਤਾਰ ਕੌਮੀ ਮੁਕਾਬਲੇ ਖੇਡਦੀਆਂ ਹਨ। 


ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੁੱਗਾਂ ਜ਼ਿਲ੍ਹਾ ਸੰਗਰੂਰ ਵਿੱਟ ਸੇਵਾਵਾਂ ਨਿਭਾ ਰਹੀ ਪਰਮਜੀਤ ਕੌਰ ਦਾ ਕਹਿਣਾ ਹੈ ਕਿ ਸੰਨ 2008 ਵਿਚ ਖੇਡ ਕੋਟੇ ’ਚ ਉਸ ਦੀ ਨਿਯੁਕਤੀ ਬਤੌਰ ਡੀਪੀਈ ਹੋਈ ਸੀ। ਉਸ ਨੇ ਸੰਨ 2015-16 ਦੌਰਾਨ ਡੀਪੀਈ ਤੋਂ ਬਤੌਰ ਫਿਜ਼ੀਕਲ ਲੈਕਚਰਾਰ ਦੀ ਪਦਉਨਤੀ ਲਈ ਆਪਣਾ ਕੇਸ ਸਕੂਲ ਸਿੱਖਿਆ ਵਿਭਾਗ ਨੂੰ ਭੇਜਿਆ ਸੀ ਪਰ ਉਸ ਨੂੰ ਤਰੱਕੀ ਨਹੀਂ ਦਿੱਤੀ, ਜਦੋਂਕਿ ਸੀਨੀਆਰਤਾ ਸੂਚੀ ਵਿਚ ਉਸ ਤੋਂ ਜੂਨੀਅਰਜ਼ ਨੂੰ 2016 ਵਿਚ ਪਦਉਨਤੀ ਮਿਲ ਚੁੱਕੀ ਹੈ। 


ਪਰਮਜੀਤ ਦਾ ਕਹਿਣਾ ਹੈ ਕਿ ਉਹ ਕਰੀਬ 32 ਵਾਰ ਪੰਜਾਬ ਤੇ ਨੈਸ਼ਨਲ ਪੱਧਰ ’ਤੇ ਹੈਂਡਬਾਲ ਮੁਕਾਬਲਿਆਂ ’ਚੋਂ ਪਹਿਲੀ ਤੇ ਦੂਜੀ ਪੁਜ਼ੀਸ਼ਨ ਹਾਸਲ ਕਰ ਚੁੱਕੀ ਹੈ। ਯੂਥ ਕਾਮਨਵੈਲਥ ਮੁਕਾਬਲਿਆਂ ’ਚੋਂ ਦੂਜੀ ਪੁਜ਼ੀਸ਼ਨ ਪ੍ਰਾਪਤ ਕਰਨ ਤੋਂ ਇਲਾਵਾ ਚੀਨ ਵਿੱਚ ਹੋਈ ਪਹਿਲੀ ਜੂਨੀਅਰ ਏਸ਼ੀਅਨ ਚੈਂਪੀਅਨਸ਼ਿਪ ਵਿਚ ਵੀ ਭਾਗ ਲੈ ਚੁੱਕੀ ਹੈ। ਉਹ ਨੈਸ਼ਨਲ ਲਈ ਚੁਣੀ ਜਾਣ ਵਾਲੀ ਪੰਜਾਬ ਦੀ ਟੀਮ ਲਈ ਗਠਿਤ ਚੋਣ ਕਮੇਟੀ ਦੀ ਮੈਂਬਰ ਵੀ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।