Sangrur Poisonous Liquor: ਮੁੱਖ ਮੰਤਰੀ ਭਗਵੰਤ ਮਾਨ ਦੇ ਜਿਲ੍ਹੇ ਸੰਗਰੂਰ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸ਼ੁੱਕਰਵਾਰ ਨੂੰ 10 ਹੋਰ ਲੋਕਾਂ ਦੀ ਮੌਤ ਹੋ ਗਈ। ਇਸ ਨਾਲ ਮਰਨ ਵਾਲਿਆਂ ਦੀ ਗਿਣਤੀ 18 ਹੋ ਗਈ ਹੈ। ਇਸ ਤੋਂ ਇਲਾਵਾ ਸੰਗਰੂਰ ਅਤੇ ਪਟਿਆਲਾ ਵਿੱਚ 31 ਲੋਕ ਅਜੇ ਵੀ ਜ਼ੇਰੇ ਇਲਾਜ ਹਨ। ਮਰਨ ਵਾਲੇ ਜ਼ਿਆਦਾਤਰ ਲੋਕ ਸੁਨਾਮ ਹਲਕੇ ਅਧੀਨ ਪੈਂਦੇ ਟਿੱਬੀ ਰਵਿਦਾਸਪੁਰਾ ਦੇ ਵਸਨੀਕ ਸਨ।
ਇਸ ਮਾਮਲੇ ਵਿੱਚ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਖੁਦ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਸਕੱਤਰ ਅਤੇ ਪੁਲਿਸ ਡਾਇਰੈਕਟਰ ਜਨਰਲ ਨੂੰ ਨੋਟਿਸ ਜਾਰੀ ਕਰਕੇ ਚਾਰ ਹਫ਼ਤਿਆਂ ਵਿੱਚ ਵਿਸਥਾਰਤ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਉਧਰ ਡੀਸੀ ਜਤਿੰਦਰ ਜੋਰਵਾਲ ਦਾ ਕਹਿਣਾ ਹੈ ਕਿ ਹਾਈ ਪਾਵਰ ਜਾਂਚ ਕਮੇਟੀ ਰਾਤ ਜਾਂ ਸਵੇਰ ਤੱਕ ਆਪਣੀ ਰਿਪੋਰਟ ਦੇਵੇਗੀ। ਰਿਪੋਰਟ ਮੁਤਾਬਕ ਕਾਰਵਾਈ ਲਈ ਸਰਕਾਰ ਨੂੰ ਸਿਫਾਰਸ਼ਾਂ ਭੇਜੀਆਂ ਜਾਣਗੀਆਂ।
ਪੁਲਿਸ ਨੇ ਸ਼ੁੱਕਰਵਾਰ ਨੂੰ ਚਾਰ ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਦੱਸ ਦੇਈਏ ਕਿ ਜ਼ਹਿਰੀਲੀ ਸ਼ਰਾਬ ਬਣਾਉਣ ਵਾਲੇ ਸਰਗਨਾ ਸਮੇਤ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਵੱਖ-ਵੱਖ ਜਥੇਬੰਦੀਆਂ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਡੀਸੀ ਦਫ਼ਤਰ ਅੱਗੇ ਪੱਕਾ ਮੋਰਚਾ ਲਾਇਆ ਹੈ।
ਪੁਲਿਸ ਦੀ ਜਾਂਚ ਮੁਤਾਬਕ ਕਿੰਗਪਿਨ ਹਰਮਨਪ੍ਰੀਤ ਸਿੰਘ ਨੇ ਯੂ-ਟਿਊਬ ਤੋਂ ਸ਼ਰਾਬ ਬਣਾਉਣੀ ਸਿੱਖੀ ਸੀ ਅਤੇ ਆਪਣੇ ਹੀ ਘਰ 'ਚ ਫੈਕਟਰੀ ਲਗਾਈ। ਮੁਲਜ਼ਮਾਂ ਨੇ 10 ਪੇਟੀਆਂ ਨਕਲੀ ਸ਼ਰਾਬ ਪਿੰਡ ਗੁੱਜਰਾਂ ਵਿੱਚ ਸਪਲਾਈ ਕੀਤੀ ਸੀ। ਜਿੱਥੋਂ ਇਹ ਲੋਕਾਂ ਤੱਕ ਪਹੁੰਚਿਆ। ਮੁਲਜ਼ਮਾਂ ਖ਼ਿਲਾਫ਼ 6 ਦਸੰਬਰ 2022 ਨੂੰ ਸੰਗਰੂਰ ਜ਼ਿਲ੍ਹੇ ਦੇ ਖਨੌਰੀ ਥਾਣੇ ਵਿੱਚ ਇੱਕ ਵਿਅਕਤੀ ਨੂੰ ਅਗਵਾ ਕਰਕੇ ਫਿਰੌਤੀ ਮੰਗਣ ਦਾ ਕੇਸ ਵੀ ਦਰਜ ਹੈ।
ਪੁਲਿਸ ਪੁੱਛਗਿੱਛ ਵਿੱਚ ਇਹ ਵੀ ਸਾਹਮਣੇ ਆਇਆ ਕਿ ਕਿੰਗਪਿਨ ਹਰਮਨਪ੍ਰੀਤ ਸਿੰਘ ਨੇ ਹਾਲ ਹੀ ਵਿੱਚ ਸ਼ਰਾਬ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ। ਹਰਮਨਪ੍ਰੀਤ ਸਿੰਘ ਦਾ ਮੰਨਣਾ ਸੀ ਕਿ ਜ਼ਿਆਦਾ ਨਸ਼ਾ ਹੋਣ ਕਾਰਨ ਸ਼ਰਾਬ ਦਾ ਖਪਤ ਵੀ ਵਧੇਗਾ। ਹਰਮਨਪ੍ਰੀਤ ਸਿੰਘ ਵੱਲੋਂ 120 ਬੋਤਲਾਂ ਦੀ ਪਹਿਲੀ ਖੇਪ ਤਿਆਰ ਕੀਤਾ ਗਈ ਸੀ। ਪਹਿਲੀ ਕੋਸ਼ਿਸ਼ ਦੌਰਾਨ ਪੂਰੀ ਜਾਣਕਾਰੀ ਨਾ ਹੋਣ ਕਾਰਨ ਇਹ ਸ਼ਰਾਬ ਜ਼ਹਿਰੀਲਾ ਹੋ ਗਿਆ।
ਪੁਲਿਸ ਮੁਤਾਬਕ ਹਰਮਨਪ੍ਰੀਤ ਸਿੰਘ ਵੱਲੋਂ ਬਣਾਈ ਗਈ ਨਕਲੀ ਸ਼ਰਾਬ ਪਿੰਡ ਗੁੱਜਰਾਂ ਅਤੇ ਆਸ-ਪਾਸ ਦੇ ਪਿੰਡਾਂ ਦੇ ਕਈ ਘਰਾਂ ਤੱਕ ਪਹੁੰਚ ਚੁੱਕੀ ਹੈ। ਪੁਲਿਸ ਵੱਲੋਂ ਪਿੰਡ ਗੁੱਜਰਾਂ ਤੋਂ 20 ਕਿਲੋਮੀਟਰ ਦੇ ਘੇਰੇ ਵਿੱਚ ਅਜਿਹੀ ਸ਼ਰਾਬ ਦਾ ਸੇਵਨ ਨਾ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ।