Punjab News: ਸੰਗਰੂਰ ਦੇ ਸੁਨਾਮ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਇੱਕ ਕਾਰ ਨੂੰ ਇੱਕ ਟਰੱਕ ਅਤੇ ਇੱਕ ਤੇਲ ਕੈਂਟਰ ਨੇ ਟੱਕਰ ਮਾਰ ਦਿੱਤੀ। ਇਸ ਕਾਰਨ ਕਾਰ ਵਿੱਚ ਸਵਾਰ ਛੇ ਵਿਅਕਤੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰ ਮਲੇਰਕੋਟਲਾ ਤੋਂ ਸੁਨਾਮ ਵੱਲ ਜਾ ਰਹੀ ਸੀ। ਇਸ ਦੌਰਾਨ ਰਾਤ ਕਰੀਬ 2 ਵਜੇ ਭਿਆਨਕ ਹਾਦਸਾ ਵਾਪਰ ਗਿਆ। ਟਰੱਕ ਅਤੇ ਕੈਂਟਰ ਵਿਚਕਾਰ ਆ ਕੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ, ਜਿਸ ਕਾਰਨ ਵੈਲਡਿੰਗ ਮਸ਼ੀਨ ਨਾਲ ਲੋਹੇ ਨੂੰ ਕੱਟ ਕੇ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ।


ਹਾਦਸੇ ਦਾ ਸ਼ਿਕਾਰ ਹੋਏ ਕਾਰ 'ਚ ਸਵਾਰ ਲੋਕ ਮਾਲੇਰਕੋਟਲਾ ਸਥਿਤ ਬਾਬਾ ਹੈਦਰ ਸ਼ੇਖ ਦੀ ਦਰਗਾਹ 'ਤੇ ਮੱਥਾ ਟੇਕ ਕੇ ਵਾਪਸ ਆ ਰਹੇ ਸਨ ਤੇ ਇਹ ਹਾਦਸਾ ਸੁਨਾਮ ਮਹਿਲਾ ਰੋਡ 'ਤੇ ਵਾਪਰਿਆ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸੁਨਾਮ ਅਤੇ ਸੰਗਰੂਰ ਦੇ ਸਰਕਾਰੀ ਹਸਪਤਾਲਾਂ ਵਿੱਚ ਰਖਵਾਇਆ ਗਿਆ ਹੈ। ਸਾਰੇ ਮ੍ਰਿਤਕ ਸੁਨਾਮ ਦੇ ਰਹਿਣ ਵਾਲੇ ਸਨ। ਮ੍ਰਿਤਕਾਂ ਦੀ ਪਛਾਣ ਦੀਪਕ ਜਿੰਦਲ, ਨੀਰਜ ਸਿੰਗਲਾ ਅਤੇ ਉਨ੍ਹਾਂ ਦੇ ਪੁੱਤਰ ਲੱਕੀ ਕੁਮਾਰ, ਵਿਜੇ ਕੁਮਾਰ ਅਤੇ ਦਵੇਸ਼ ਜਿੰਦਲ ਵਜੋਂ ਹੋਈ ਹੈ।


ਹਾਦਸਾ ਬਹੁਤ ਦਰਦਨਾਕ 


ਸੁਨਾਮ ਵਿੱਚ ਵਾਪਰੇ ਇਸ ਦਰਦਨਾਕ ਹਾਦਸੇ ਵਿੱਚ ਇੱਕ ਬੱਚੇ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ। ਹਾਦਸਾ ਇੰਨਾ ਦਰਦਨਾਕ ਸੀ ਕਿ ਹਾਦਸਾ ਵੇਖਣ ਵਾਲੇ ਲੋਕਾਂ ਦੀਆਂ ਰੂਹਾਂ ਕੰਬ ਗਈਆਂ। ਇਸ ਹਾਦਸੇ ਤੋਂ ਬਾਅਦ ਗੱਡੀ ਨੂੰ ਗੈਸ ਕਟਰ ਨਾਲ ਕੱਟ ਕੇ ਬੜੀ ਮੁਸ਼ਕਲ ਨਾਲ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ।


ਸੁਨਾਮ ਵਿੱਚ ਇੱਕ ਹੋਰ ਵੱਡਾ ਹਾਦਸਾ ਵਾਪਰਿਆ


ਦੱਸ ਦੇਈਏ ਕਿ ਅਗਸਤ ਮਹੀਨੇ ਵਿੱਚ ਵੀ ਸੁਨਾਮ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਸੀ। ਇਸ ਹਾਦਸੇ ਵਿੱਚ ਪਤੀ, ਪਤਨੀ ਅਤੇ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ ਸੀ। ਦਰਅਸਲ ਬਾਈਕ ਸਵਾਰ ਪਤੀ-ਪਤਨੀ ਅਤੇ ਇੱਕ ਹੋਰ ਵਿਅਕਤੀ ਸੁਨਾਮ ਤੋਂ ਪਿੰਡ ਸ਼ੇਰੋਂ ਵੱਲ ਜਾ ਰਹੇ ਸਨ ਕਿ ਇਸ ਦੌਰਾਨ ਕਿਸੇ ਅਣਪਛਾਤੇ ਵਾਹਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਪਿੰਡ ਸ਼ੇਰੋਂ ਦਾ ਪਰਮਜੀਤ ਸਿੰਘ, ਉਸ ਦੀ ਪਤਨੀ ਪ੍ਰਵੀਨ ਕੌਰ ਅਤੇ ਸਾਥੀ ਮਨਜੀਤ ਸਿੰਘ ਦੀ ਮੌਕੇ ਉੱਤੇ ਹੀ ਮੌਤ ਹੋ ਗਈ।