Sangrur News: ਸਿਮਰਨਜੀਤ ਸਿੰਘ ਮਾਨ ਤੇ ਉਨ੍ਹਾਂ ਦੀ ਪਾਰਟੀ ਉੱਤੇ ਅਕਸਰ ਇਲਜ਼ਾਮ ਲਗਦੇ ਹਨ ਕਿ ਉਨ੍ਹਾਂ ਦੀ ਪਾਰਟੀ ਦੀ ਇੱਕ ਚਿੱਠੀ ਮਿਲਣ ਤੋਂ ਬਾਅਦ ਕੋਈ ਵੀ ਸਿੱਖ ਵਿਦੇਸ਼ ਜਾ ਕੇ ਰਹਿ ਸਕਦਾ ਹੈ, ਇਸ ਲਈ ਉਸ ਵਿਅਕਤੀ ਤੋਂ ਪੈਸੇ ਲਏ ਜਾਂਦੇ ਹਨ। ਹੁਣ ਇਸ ਬਾਰੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸਾਰੇ ਭੇਦ ਖੋਲ੍ਹ ਦਿੱਤੇ ਹਨ।


ਇਸ ਬਾਬਤ ਮੀਡੀਆ ਨਾਲ ਰਾਬਤਾ ਕਰਦਿਆਂ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਦੇਸ਼ ਵਿੱਚ ਜੋ 1984 ਵਿੱਚ ਹੋਇਆ, ਸ੍ਰੀ ਦਰਬਾਰ ਸਾਹਿਬ ਨੂੰ ਫ਼ੌਜ ਨੇ ਹਮਲਾ ਕਰਕੇ ਢਾਹਿਆ, ਦਿੱਲੀ ਵਿੱਚ ਸਿੱਖਾਂ ਦਾ ਕਤਲੇਆਮ ਕਰਕੇ ਨਸਲਕੁਸ਼ੀ ਕੀਤੀ ਗਈ ਇਸ ਤੋਂ ਬਾਅਦ ਵੀ ਸਿੱਖਾਂ ਕਿਸੇ ਮਾਮਲੇ ਵਿੱਚ ਇਨਸਾਫ਼ ਨਹੀਂ ਮਿਲਿਆ। ਜਿਸ ਕਰਕੇ ਸਿੱਖਾਂ ਨੂੰ ਮਹਿਸੂਸ ਹੋਣ ਲੱਗਿਆ ਕਿ ਉਨ੍ਹਾਂ ਦੀਆਂ ਜ਼ਿੰਦਗੀਆਂ ਇੱਥੇ ਸੁਰੱਖਿਅਤ ਨਹੀਂ ਹਨ। ਇਸ ਲਈ ਉਹ ਵਿਦੇਸ਼ਾਂ ਵੱਲ ਹਿਜ਼ਰਤ ਕਰਨ ਲੱਗੇ।


ਮਾਨ ਨੇ ਕਿਹਾ ਕਿ ਸਿੱਖ ਡਰੇ ਹੋਏ ਸਨ ਉਸ ਲਈ ਅਸੀਂ ਉਨ੍ਹਾਂ ਨੂੰ ਆਪਣੀ ਪਾਰਟੀ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ) ਤੋਂ ਇੱਕ ਲੈਟਰ ਦਿੰਦੇ ਸੀ ਜਿਸ ਦੀ ਮਦਦ ਨਾਲ ਸਿੱਖ ਵਿਦੇਸ਼ ਵਿੱਚ ਜਾ ਕੇ ਰਹਿਣ ਲੱਗੇ ਤੇ ਉੱਥੇ ਉਨ੍ਹਾਂ ਨੂੰ ਸ਼ਰਨ ਮਿਲ ਜਾਂਦੀ ਸੀ। ਜੋ ਅਸੀਂ ਲੈਟਰ ਦਿੰਦੇ ਸੀ ਉਸ ਵਿੱਚ ਸਿੱਖਾਂ ਨਾਲ ਕੀ-ਕੀ ਹੋਇਆ ਇਸ ਗੱਲ ਦਾ ਜ਼ਿਕਰ ਕੀਤਾ ਜਾਂਦਾ ਸੀ। ਸਿੱਖਾਂ ਨਾਲ ਹੋਏ ਧੱਕੇ ਬਾਰੇ ਜਾਣ ਕੇ ਵਿਦੇਸ਼ ਦੀ ਸਰਕਾਰ ਉਨ੍ਹਾਂ ਨੂੰ ਸ਼ਰਨ ਦੇ ਦਿੰਦੀ ਸੀ।


ਲੈਟਰ ਬਦਲੇ ਲਈ ਜਾਂਦੀ ਸੀ ਕਿੰਨੀ ਰਕਮ ?


ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਇਸ ਕੰਮ ਲਈ ਕੋਈ ਨਿੱਜੀ ਤੌਰ ਉੱਤੇ ਵੱਡੀ ਰਕਮ ਨਹੀਂ ਲਈ ਜਾਂਦੀ ਸੀ ਪਰ ਪਾਰਟੀ ਫੰਡ ਦੇ ਨਾਂਅ ਉੱਤੇ ਕੁਝ ਪੈਸੇ ਲਏ ਜਾਂਦੇ ਸੀ ਜੋ ਸਾਰਿਆਂ ਲਈ ਇੱਕ ਬਰਾਬਰ ਹੈ। ਪਰ ਹੁਣ ਅਜਿਹਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਕੈਨੇਡਾ ਵਿੱਚ ਜੋ ਸਿੱਖ ਰਹਿੰਦੇ ਹਨ ਉਹ ਅੱਤਵਾਦੀ ਨੇ, ਇਹ ਸਰਾਸਰ ਗ਼ਲਤ ਹੈ।ਜ਼ਿਕਰ ਕਰ ਦਈਏ ਕਿ ਇਸ ਮੁੱਦੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਵਿਦੇਸ਼ੀ ਨਾਗਰਿਕਤਾ ਦਵਾਉਣ ਬਦਲੇ ਪੈਸੇ ਲੈਣ ਦੀ ਗੱਲ ਕਹਿ ਰਹੇ ਹਨ।


ਦੱਸ ਦਈਏ ਕਿ ਸਿਮਰਨਜੀਤ ਸਿੰਘ ਮਾਨ ਖਾਲਿਸਤਾਨ ਪੱਖੀ ਲੀਡਰ ਹਨ ਤੇ ਉਹ ਇਸ ਵੇਲੇ ਸੰਗਰੂਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਹਨ। ਮਾਨ ਨੇ ਇਹ ਸੀਟ ਜ਼ਿਮਨੀ ਚੋਣ ਵਿੱਚ ਜਿੱਤੀ ਸੀ ਜੋ ਕਿ  ਭਗਵੰਤ ਮਾਨ ਵੱਲੋਂ ਮੁੱਖ ਮੰਤਰੀ ਬਣਨ ਤੋਂ ਬਾਅਦ ਛੱਡੀ ਗਈ ਸੀ।