Sangrur News : ਅੱਜ ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਖੇ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਦਿੱਲੀ ਜੰਤਰ-ਮੰਤਰ ਵਿੱਚ ਚੱਲ ਰਹੇ ਓਲੰਪਿਕ ਮਹਿਲਾ ਪਹਿਲਵਾਨਾਂ ਦੇ ਧਰਨੇ ਦੀ ਹਮਾਇਤ ਕੀਤੀ ਅਤੇ ਨਾਲ ਹੀ ਭਾਰਤੀ ਕੁਸ਼ਤੀ ਮਹਾਂਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ ਵੱਲੋਂ ਕੀਤੇ ਜਿਣਸੀ ਸ਼ੋਸ਼ਣ ਖਿਲਾਫ ਕਾਰਵਾਈ ਕਰਵਾਉਣ ਲਈ ਰੋਸ ਪ੍ਰਦਰਸ਼ਨ ਕੀਤਾ। 


 

ਇਸ ਮੌਕੇ ਵਿਦਿਆਰਥੀ ਆਗੂ ਰਮਨ ਸਿੰਘ ਕਾਲਾਝਾੜ ਜਿਲ੍ਹਾ ਪ੍ਰਧਾਨ ਨੇ ਕਿਹਾ ਕਿ ਮੋਦੀ ਹਕੂਮਤ ਦੇ ਰਾਜ ਵਿੱਚ ਔਰਤਾਂ ਉੱਤੇ ਜ਼ਬਰ ਸਭ ਹੱਦਾਂ ਪਾਰ ਕਰ ਰਿਹਾ ਹੈ। ਉਨ੍ਹਾਂ ਕਿਹਾ ਇੱਕ ਪਾਸੇ ਤਾਂ ਮੋਦੀ ਸਰਕਾਰ "ਬੇਟੀ ਬਚਾਓ ਬੇਟੀ ਪੜ੍ਹਾਓ" ਦਾ ਨਾਅਰਾ ਦਿੰਦੀ ਹੈ ਪਰ ਦੂਜੇ ਪਾਸੇ ਮੋਦੀ ਸਰਕਾਰ ਵੱਲੋਂ ਚਾਰ ਮਹੀਨੇ ਤੋਂ ਇਨਸਾਫ ਦੀ ਮੰਗ ਕਰ ਰਹੇ ਪਹਿਲਵਾਨਾਂ ਦੀ ਆਵਾਜ਼ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ ਤੇ ਬੀਜੇਪੀ ਨੇਤਾ ਬ੍ਰਿਜ ਭੂਸ਼ਣ ਸਿੰਘ ਦਾ ਬਚਾਅ ਕੀਤਾ ਜਾ ਰਿਹਾ ਹੈ। 

 

ਵਿਦਿਆਰਥੀ ਆਗੂ ਨੇ ਕਿਹਾ ਕਿ ਚਾਰ ਮਹੀਨੇ ਪਹਿਲਾਂ ਇਨ੍ਹਾਂ ਪਹਿਲਵਾਨਾਂ ਨੇ ਜੰਤਰ-ਮੰਤਰ ਵਿਖੇ ਧਰਨਾ ਦੇ ਕੇ ਬ੍ਰਿਜ ਭੂਸ਼ਣ ਸਿੰਘ ਖਿਲਾਫ ਪਰਚਾ ਦਰਜ ਕਰਨ ਤੇ ਗਿਰਫ਼ਤਾਰ ਕਰਨ ਦੀ ਮੰਗ ਕੀਤੀ ਸੀ ਪਰ ਖੇਡ ਮੰਤਰਾਲੇ ਵੱਲੋਂ ਇੱਕ ਕਮੇਟੀ ਬਣਾ ਕੇ ਮਾਮਲੇ ਦੀ ਪੜਤਾਲ ਕਰਨ ਤੇ ਕਰਵਾਈ ਕਰਨ ਦਾ ਵਿਸ਼ਵਾਸ ਦੇਣ ਤੋਂ ਬਾਅਦ ਧਰਨਾ ਚੁੱਕ ਦਿੱਤਾ ਗਿਆ ਸੀ ਪਰ ਹੁਣ ਚਾਰ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਕਮੇਟੀ ਨੇ ਪੜਤਾਲ ਤੇ ਕਰਵਾਈ ਸਬੰਧੀ ਕੋਈ ਰਿਪੋਰਟ ਜਨਤਕ ਨਹੀਂ ਕੀਤੀ। 

 

ਹੁਣ ਦੁਬਾਰਾ ਫਿਰ ਕੁਸ਼ਤੀ ਪਹਿਲਵਾਨਾਂ ਵੱਲੋਂ ਜੰਤਰ-ਮੰਤਰ ਵਿਖੇ ਧਰਨਾ ਦਿੱਤਾ ਜਾ ਰਿਹਾ ਹੈ ਅਤੇ ਇਨ੍ਹਾਂ ਖਿਡਾਰੀਆਂ ਦੀ ਇੱਕਮੁੱਠਤਾ ਸਦਕਾ ਜਦੋਂ ਜਿਣਸੀ ਸ਼ੋਸ਼ਣ ਦਾ ਮਾਮਲਾ ਭਖਿਆ ਤਾਂ ਦਬਾਅ ਹੇਠ ਕੁਸ਼ਤੀ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ ਤੇ ਦੋ ਪਰਚੇ ਦਰਜ ਕੀਤੇ ਗਏ ਹਨ ਪਰ ਪਰਚੇ ਦਰਜ ਹੋਣ ਦੇ ਬਾਵਜੂਦ ਵੀ ਉਸਨੂੰ ਗਿਰਫ਼ਤਾਰ ਨਹੀਂ ਕੀਤਾ ਜਾ ਰਿਹਾ ਹੈ।ਪੰਜਾਬ ਸਟੂਡੈਂਟ ਯੂਨੀਅਨ (ਲਲਕਾਰ) ਦੇ ਆਗੂ ਵੀ  ਸ਼ਾਮਲ ਸਨ ਅਤੇ ਅਮਨ ਸੰਗਰੂਰ ਨੇ ਸੰਬੋਧਨ ਕੀਤਾ।

 ਵਿਦਿਆਰਥੀਆਂ ਨੇ ਰੋਸ ਪ੍ਰਦਰਸ਼ਨ ਕਰਦੇ ਸਮੇਂ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਬ੍ਰਿਜ ਭੂਸ਼ਣ ਨੂੰ ਫੌਰੀ ਗਿਰਫ਼ਤਾਰ ਕਰਕੇ ਸਖਤ ਸਜ਼ਾਵਾਂ ਦਿੱਤੀਆਂ ਜਾਣ,ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਦੇ ਅਹੁਦੇ ਤੋਂ ਬਰਖ਼ਾਸਤ ਕੀਤਾ ਜਾਵੇ ਤੇ ਨਿਰਪੱਖ ਜਾਂਚ ਲਈ ਯੋਗ ਕਮੇਟੀ ਦਾ ਗਠਨ ਕੀਤਾ ਜਾਵੇ। ਇਸ ਮੌਕੇ ਕਾਲਜ਼ ਕਮੇਟੀ ਦੇ ਪ੍ਰਧਾਨ ਲਵਪ੍ਰੀਤ ਸਿੰਘ ਮਹਿਲਾ, ਸੁਖਚੈਨ ਸਿੰਘ ਪੁੰਨਾਵਾਲ, ਮਨਦੀਪ ਕੌਰ, ਅਮ੍ਰਿਤ,ਜਮਨਾ, ਵਿਦਿਆਰਥੀ ਯੂਨੀਅਨ ਆਗੂ ਸਹਿਜ ਦਿੜ੍ਹਬਾ,ਸਾਹਿਬ ਦਿੜ੍ਹਬਾ, ਜਸਲੀਨ ਕੌਰ ਚੀਮਾਂ,ਬੰਟੀ ਕਹੇਰੂ, ਮਮਤਾ, ਹਰਪ੍ਰੀਤ ਕਨੋਈ, ਰਵਿੰਦਰ ਸਾਦੀਹਰੀ ਅਤੇ ਕਿਰਨ ਭਵਾਨੀਗੜ੍ਹ ਆਦਿ ਹਾਜ਼ਰ ਸਨ।