Sangrur News: ਨੈਸ਼ਨਲ ਹਾਈਵੇ ਤੇ ਸਕੂਲੀ ਵਿਦਿਆਰਥੀਆਂ ਵੱਲੋਂ ਗੱਡੀਆਂ ਚੋਂ ਬਾਹਰ ਨਿਕਲਕੇ ਸਟੰਟ ਕਰਨ ਤੇ ਬੁਲੇਟਾਂ ਦੇ ਪਟਾਕੇ ਪਾਉਣ ਦੀ ਵੀਡੀਓ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਬਰਨਾਲਾ ਪੁਲਿਸ ਨੇ ਸਟੰਟ ਕਰਨ ਵਾਲੇ ਮੁੰਡਿਆਂ ਉੱਤੇ ਕਾਰਵਾਈ ਕੀਤੀ ਹੈ। ਪੁਲਿਸ ਨੇ 3 ਬੁਲੇਟ ਮੋਟਰਸਾਇਕਲ ਤੇ 2 ਗੱਡੀਆਂ ਦੇ ਚਲਾਨ ਕੱਟ ਕੇ ਵਿਦਿਆਰਥੀਆਂ ਨੂੰ ਅੱਗੇ ਤੋਂ ਅਜਿਹਾ ਨਾ ਕਰਨ ਦੀ ਵਾਰਨਿੰਗ ਦੇ ਕੇ ਛੱਡ ਦਿੱਤਾ ਹੈ। ਪੁਲਿਸ ਪ੍ਰਸ਼ਾਸਨ ਨੇ ਨੌਜਵਾਨਾਂ ਨੂੰ ਅਜਿਹੇ ਸਟੰਟਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ ਅਤੇ ਸਟੰਟ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ ਹੈ।
ਜੇ ਅਜੇ ਵੀ ਨਾ ਸੁਧਰੇ ਤਾਂ ਕੀਤੀ ਜਾਵੇਗੀ ਕਾਰਵਾਈ
ਇਸ ਮੌਕੇ 'ਤੇ ਗੱਲਬਾਤ ਕਰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਮਿਲੀ ਸੀ, ਜਿਸ 'ਚ ਸਕੂਲੀ ਵਰਦੀ 'ਚ ਕੁਝ ਮੁੰਡੇ ਬੁਲੇਟਾਂ ਦੇ ਪਟਾਕੇ ਮਾਰ ਰਹੇ ਸੀ ਤੇ ਕਾਰ ਦੀਆਂ ਬਾਰੀਆਂ ਤੋਂ ਬਾਹਰ ਨਿਕਲ ਕੇ ਸਟੰਟ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਵੀਡੀਓ ਵਿੱਚ ਦਿਖਾਈ ਦੇ ਰਹੇ ਤਿੰਨ ਬੁਲੇਟ ਮੋਟਰਸਾਇਕਲ ਤੇ ਦੋ ਕਾਰਾਂ ਦੇ ਚਲਾਨ ਕੱਟੇ ਗਏ ਹਨ ਤੇ ਮੁੰਡਿਆਂ ਨੂੰ ਚਿਤਾਵਨੀ ਦੇ ਕੇ ਛੱਡਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਇਹ ਇਸ ਤੋਂ ਬਾਅਦ ਵੀ ਨਹੀਂ ਸੁਧਰੇ ਤਾਂ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਆਪਣੀ ਤੇ ਲੋਕਾਂ ਦੀ ਜਾਨ ਨੂੰ ਖ਼ਤਰੇ 'ਚ ਪਾ ਰਹੇ ਨੇ ਨੌਜਵਾਨ
ਪੁਲਿਸ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ 'ਤੇ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਸੜਕਾਂ 'ਤੇ ਮੋਟਰਸਾਈਕਲ ਚਲਾਉਂਦੇ ਸਮੇਂ ਅਜਿਹੇ ਸਟੰਟ ਨਾ ਕਰਨ ਜਿਸ ਨਾਲ ਉਨ੍ਹਾਂ ਦੀ ਜਾਨ ਖਤਰੇ 'ਚ ਪੈ ਸਕਦੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਸਟੰਟ ਦੀਆਂ ਵੀਡੀਓਜ਼ ਬਣਾ ਕੇ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਹਨ। ਅਜਿਹਾ ਕਰਦੇ ਸਮੇਂ ਕਈ ਵਾਰ ਵੱਡੇ ਹਾਦਸੇ ਵਾਪਰ ਜਾਂਦੇ ਹਨ, ਜਿਸ ਕਾਰਨ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ। ਇਸ ਕਾਰਨ ਸਾਰੇ ਨੌਜਵਾਨਾਂ ਨੂੰ ਅਜਿਹੇ ਸਟੰਟ ਕਰਨ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਵੀ ਜੇਕਰ ਕੋਈ ਨੌਜਵਾਨ ਅਜਿਹਾ ਸਟੰਟ ਕਰਦਾ ਪਾਇਆ ਗਿਆ ਤਾਂ ਉਹ ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕਰਨਗੇ।