Punjab News: ਨਸ਼ੇ ਦੀ ਓਵਰਡੋਜ ਨਾਲ ਸੰਗਰੂਰ ਜ਼ਿਲ੍ਹੇ ਦੇ ਪਿੰਡ ਚੀਮਾ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਮ੍ਰਿਤਕ ਦੇ ਘਰ ਵਿੱਚ ਮਾਤਮ ਛਾਅ ਗਿਆ। ਇਸ ਮੌਕੇ ਪੀੜਤ ਪਿਤਾ ਨੇ ਕਿਹਾ ਸਰਕਾਰ ਨੂੰ ਬੇਨਤੀ ਹੈ ਨਸ਼ਾ ਰੋਕਿਆ ਜਾਵੇ। ਇਸ ਮੌਕੇ ਸੰਗਰੂਰ ਤੋਂ ਆਜ਼ਾਦ ਉਮੀਦਵਾਰ ਤੇ ਬਰਖਾਸਤ ਡੀਐਸਪੀ ਬਲਵਿੰਦਰ ਸੇਖੋਂ ਨੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਇਸਦਾ ਜ਼ਿੰਮੇਦਾਰ ਦੱਸਿਆ।
ਖਿਡਾਰੀ ਤੋਂ ਪੁੱਤ ਕਿਵੇਂ ਬਣਿਆ ਨਸ਼ੇੜੀ
ਨਸ਼ੇ ਦੀ ਓਵਰਡੋਜ਼ ਨਾਲ ਮੌਤ ਦਾ ਤਾਜ਼ਾ ਮਾਮਲਾ ਸੰਗਰੂਰ ਦੇ ਪਿੰਡ ਚੀਮਾ ਤੋਂ ਆਇਆ ਹੈ, ਜਿੱਥੇ ਕਿ ਇੱਕ ਬਾਕਸਿੰਗ ਕਰਨ ਵਾਲਾ ਨੌਜਵਾਨ ਨਸ਼ੇ ਦੀ ਓਵਰਡੋਜ ਦੇ ਨਾਲ ਖ਼ਤਮ ਹੋ ਗਿਆ ਹੈ। ਉੱਥੇ ਹੀ ਜਦੋਂ ਇਸ ਦੇ ਬਾਰੇ ਪਰਿਵਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਜੋ ਕਿ ਨਸ਼ੇ ਦੀ ਓਵਰਡੋਜ ਦੇ ਨਾਲ ਮਰ ਗਿਆ ਹੈ, ਉਹ ਖੇਡਾਂ ਦੇ ਵਿੱਚ ਰੁਚੀ ਰੱਖਦਾ ਸੀ ਪਰ ਉਸਦੀ ਗ਼ਲਤ ਸੰਗਤ ਕਾਰਨ ਉਹ ਨਸ਼ਾ ਕਰਨ ਲੱਗ ਗਿਆ ਸੀ ਤੇ ਹੁਣ ਨਸ਼ੇ ਦੀ ਓਵਰਡੋਜ਼ ਨਾਲ ਉਸ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਦੁਖੀ ਪਿਤਾ ਨੇ ਕਿਹਾ ਕਿ ਉਹ ਅੱਜ ਰੋਣ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਸਕਦੇ ਪਰ ਸਰਕਾਰ ਅੱਗੇ ਇਹ ਅਪੀਲ ਕਰਦੇ ਹਨ ਕਿ ਕਿਸੇ ਹੋਰ ਪਰਿਵਾਰ ਦਾ ਪੁੱਤ ਨਸ਼ੇ ਕਾਰਨ ਨਾ ਮਰੇ ਉਸ ਦੇ ਲਈ ਸਰਕਾਰ ਕੋਈ ਠੋਸ ਕਦਮ ਚੁੱਕੇ। ਉੱਥੇ ਹੀ ਨੌਜਵਾਨ ਦੀ ਮਾਤਾ ਨੇ ਵੀ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਇਲਾਕੇ ਵਿੱਚ ਸਰ੍ਹੇਆਮ ਨਸ਼ਾ ਵਿਕ ਰਿਹਾ ਹੈ ਪਰ ਕੋਈ ਪੁਲਿਸ ਅਤੇ ਪ੍ਰਸ਼ਾਸਨ ਜਾਂ ਸਰਕਾਰਾਂ ਇਸ ਉੱਤੇ ਠੋਸ ਕਦਮ ਨਹੀਂ ਚੁੱਕ ਰਹੀਆਂ ਹਨ।
ਪੁਲਿਸ ਨੂੰ ਸਭ ਪਤਾ ਹੁੰਦਾ ਹੈ ਪਰ..
ਉਥੇ ਹੀ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਦੀ ਚੋਣਾਂ ਲਈ ਆਜ਼ਾਦ ਉਮੀਦਵਾਰ ਖੜੇ ਹੋਏ ਬਲਵਿੰਦਰ ਸੇਖੋ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਇੱਕ ਤਰਾਸਦੀ ਹੈ ਕਿ ਹਰ ਦਿਨ ਕਿਸੇ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋ ਰਹੀ ਹੈ। ਇਹ ਨੌਜਵਾਨ ਜੋ ਕਿ ਬਾਕਸਿੰਗ ਦਾ ਚੰਗਾ ਖਿਡਾਰੀ ਸੀ ਉਹ ਵੀ ਨਸ਼ੇ ਕਾਰਨ ਮਰ ਗਿਆ ਜਿਸ ਨਾਲ ਇੱਕ ਵੱਡਾ ਸਵਾਲ ਖੜਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਸਭ ਪਤਾ ਹੁੰਦੇ ਪਰ ਫਿਰ ਵੀ ਉਹ ਕਾਰਵਾਈ ਨਹੀਂ ਕਰਦੀ ਹੈ ਅਤੇ ਇਸ ਕੇਸ ਦੇ ਵਿੱਚ ਵੀ ਸਾਫ ਜਾਹਿਰ ਹੋਇਆ ਕਿ ਨੌਜਵਾਨ ਨੇ ਨਸ਼ੇ ਕਾਰਨ ਆਪਣੀ ਜਾਨ ਗਵਾਈ ਹੈ ਫਿਰ ਵੀ ਪੁਲਿਸ ਇਸਦੀ ਤਫਤੀਸ਼ ਲਈ ਅੱਗੇ ਨਹੀਂ ਆਈ ਹੈ ਅਤੇ ਨਾ ਹੀ ਇਸ ਦੀ ਡੁੰਘਾਈ ਦੇ ਵਿੱਚ ਗਈ ਹੈ ਜੋ ਕਿ ਸ਼ਰਮ ਵਾਲੀ ਗੱਲ ਹੈ।
ਪੁਲਿਸ ਤੇ ਸਰਕਾਰ ਤੋਂ ਛੱਡ ਦੇਣੀ ਚਾਹੀਦੀ ਉਮੀਦ
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਚਾਹੇ ਤਾਂ ਕੁਝ ਵੀ ਕਰ ਸਕਦੀ ਹੈ ਪਰ ਦੇਖਣ ਨੂੰ ਮਿਲ ਹੀ ਰਿਹਾ ਹੈ ਕਿ ਸਰਕਾਰਾਂ ਵੀ ਇਸ ਪੂਰੇ ਸਿਸਟਮ ਨਾਲ ਘਿਰੀਆਂ ਹੋਈਆਂ ਹਨ ਅਤੇ ਇਸ ਸਿਸਟਮ ਦਾ ਸਾਥ ਦੇ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਉਮੀਦ ਛੱਡ ਦੇਣੀ ਚਾਹੀਦੀ ਹੈ ਕਿ ਉਹ ਪੰਜਾਬ ਦੇ ਲੋਕਾਂ ਲਈ ਕੁਝ ਸੋਚਣਗੇ ਕਿਉਂਕਿ ਦੇਖਣ ਨੂੰ ਮਿਲ ਹੀ ਰਿਹਾ ਹੈ ਕਿ ਹੁਣ ਤੱਕ ਹਰ ਕਿਸੇ ਨੇ ਨਸ਼ੇ 'ਤੇ ਵੋਟ ਜ਼ਰੂਰ ਮੰਗੀ ਹੈ ਪਰ ਇਸ ਨੂੰ ਖ਼ਤਮ ਕਰਨ ਦੇ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ।