Punjab News: ਬਰਨਾਲਾ ਦੀ ਆਸਥਾ ਕਾਲੋਨੀ ਵਿੱਚੋਂ ਲੜਾਈ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਮੁੰਡਾ ਤੇ ਕੁੜੀ ਦੇ ਪਰਿਵਾਰ ਦੇ ਵਿੱਚ ਆਪਸੀ ਲੜਾਈ ਹੋ ਗਈ। ਲੜਕੀ ਦੇ ਪਰਿਵਾਰ ਵਾਲਿਆਂ ਨੇ ਲੜਕੇ ਪਰਿਵਾਰ ਉੱਤੇ ਵਿਆਹ ਤੋਂ ਮੁਕਰਨ ਦਾ ਦੋਸ਼ ਲਾਇਆ ਹੈ। ਇਸ ਦੌਰਾਨ ਲੜਕਾ-ਲੜਕੀ ਦੇ ਪਰਿਵਾਰਕ ਮੈਂਬਰ ਆਪਸ ਵਿਚ ਭਿੜ ਗਏ।
ਇਸ ਮੌਕੇ ਲੜਕੀ ਦੇ ਪਰਿਵਾਰ ਨੇ ਦੋਸ਼ ਲਾਇਆ ਕਿ ਲੜਕੇ ਅਤੇ ਲੜਕੀ ਦੀ ਮੰਗਣੀ 26 ਸਤੰਬਰ ਨੂੰ ਹੋਈ ਸੀ ਅਤੇ ਵਿਆਹ 10 ਨਵੰਬਰ ਨੂੰ ਹੋਣਾ ਹੈ। ਇਸ ਬਾਬਤ ਉਨ੍ਹਾਂ ਨੇ ਪੈਲੇਸ ਬੁੱਕ ਕਰਵਾਇਆ ਹੋਇਆ ਹੈ, ਸੋਨਾ ਖ਼ਰੀਦਿਆ, ਕਾਰਡ ਵੰਡੇ ਅਤੇ 35 ਲੱਖ ਰੁਪਏ ਖਰਚ ਕਰ ਦਿੱਤੇ ਹਨ ਪਰ ਹੁਣ ਲੜਕੇ ਦੇ ਮਾਪੇ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਰਹੇ ਹਨ ਜਿਸ ਕਾਰਨ ਉਹ ਰੋਸ ਪ੍ਰਗਟ ਕਰਨ ਲਈ ਆਏ ਸੀ ਜਿੱਥੇ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ।
ਦੂਜੇ ਪਾਸੇ ਲੜਕੇ ਦੇ ਪਿਤਾ ਨੇ ਦੱਸਿਆ ਕਿ ਲੜਕੀ ਪਰਿਵਾਰ ਨਾਲ ਰਿਸ਼ਤਾ ਜੋੜਨ ਤੋਂ ਬਾਅਦ ਉਨ੍ਹਾਂ ਦੇ ਲੜਕੇ ਨੂੰ ਫ਼ੋਨ 'ਤੇ ਧਮਕੀਆਂ ਮਿਲ ਰਹੀਆਂ ਹਨ, ਉਨ੍ਹਾਂ ਦੇ ਲੜਕੇ 'ਤੇ ਵੀ ਬਠਿੰਡਾ ਵਿਖੇ ਹਮਲਾ ਹੋਇਆ ਹੈ, ਜਿਸ ਕਾਰਨ ਉਹ ਅਜਿਹੇ ਲੋਕਾਂ ਨਾਲ ਸਬੰਧ ਨਹੀਂ ਰੱਖਣਾ ਚਾਹੁੰਦੇ ਹਨ।
ਇਸ ਮੌਕੇ ਲੜਕੀ ਪਰਿਵਾਰ ਨੇ ਦੱਸਿਆ ਕਿ ਉਸ ਦੀ ਲੜਕੀ ਦੀ ਮੰਗਣੀ ਅਵਿਨਾਸ਼ ਗੁਪਤਾ ਨਾਲ ਹੋਈ ਸੀ ਜਿਸ ਤੋਂ ਬਾਅਦ 10 ਨਵੰਬਰ ਨੂੰ ਵਿਆਹ ਤੈਅ ਕੀਤਾ ਗਿਆ ਹੈ। ਵਿਆਹ ਲਈ ਪੈਲੇਸ ਬੁੱਕ ਹੋ ਗਿਆ ਹੈ, ਸੋਨਾ ਖਰੀਦਿਆ ਗਿਆ ਹੈ, ਉਹ ਪਹਿਲਾਂ ਹੀ 35 ਲੱਖ ਰੁਪਏ ਖਰਚ ਕਰ ਚੁੱਕੇ ਹਨ ਪਰ ਹੁਣ ਪਿਛਲੇ ਕੁਝ ਦਿਨਾਂ ਤੋਂ ਲੜਕੇ ਦਾ ਪਰਿਵਾਰ ਇਸ ਰਿਸ਼ਤੇ ਤੋਂ ਭੱਜ ਰਿਹਾ ਹੈ। ਜਿਸ ਤੋਂ ਬਾਅਦ ਉਹ ਆਪਣੇ ਗੁੱਸੇ ਦਾ ਪ੍ਰਗਟਾਵਾ ਕਰਨ ਲਈ ਸ਼ਾਂਤੀਪੂਰਵਕ ਉਨ੍ਹਾਂ ਦੇ ਘਰ ਪਹੁੰਚੇ। ਜਿੱਥੇ ਲੜਕੇ ਦੇ ਪਿਤਾ ਅਤੇ ਉਸ ਦੇ ਸਾਥੀਆਂ ਨੇ ਉਨ੍ਹਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਮੌਕੇ ਪਰਿਵਾਰ ਵਾਲਿਆਂ ਨੇ ਲੜਕੇ ਦੇ ਪਰਿਵਾਰ 'ਤੇ ਦਾਜ ਮੰਗਣ ਦਾ ਦੋਸ਼ ਵੀ ਲਾਇਆ। ਉਨ੍ਹਾਂ ਕਿਹਾ ਕਿ ਲੜਕੇ ਦੇ ਪਰਿਵਾਰ ਵਾਲਿਆਂ ਖ਼ਿਲਾਫ਼ ਕੁੱਟਮਾਰ ਦੇ ਦੋਸ਼ ਹੇਠ ਪੁਲਿਸ ਕਾਰਵਾਈ ਕੀਤੀ ਜਾਵੇ।
ਇਸ ਬਾਬਤ ਲੜਕੇ ਵਾਲਿਆਂ ਨੇ ਦੱਸਿਆ ਕਿ ਉਸ ਦੇ ਲੜਕੇ ਅਵਿਨਾਸ਼ ਗੁਪਤਾ ਦਾ 26 ਸਤੰਬਰ ਨੂੰ ਸ਼ਗਨ ਹੋਇਆ ਸੀ। ਇਸ ਤੋਂ ਬਾਅਦ ਲੜਕੀ ਨੇ ਲੜਕੇ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ। ਸ਼ਗਨ ਤੋਂ ਬਾਅਦ ਲੜਕੇ ਨੂੰ ਕਿਸੇ ਵਿਅਕਤੀ ਦਾ ਫੋਨ ਆਇਆ ਜਿਸ ਨੇ ਦੱਸਿਆ ਕਿ ਉਸ ਦੀ ਉਕਤ ਲੜਕੀ ਨਾਲ ਦੋਸਤੀ ਹੈ ਤੇ ਇਸ ਤੋਂ ਬਾਅਦ ਫੋਨ 'ਤੇ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਲੜਕੀ ਨਾਲ ਵਿਆਹ ਕਰਨ ਤੋਂ ਪਿੱਛੇ ਹਟਣ ਲਈ ਕਿਹਾ।
ਇਸ ਤੋਂ ਬਾਅਦ ਅਸੀਂ ਇਸ ਘਟਨਾ ਦੀ ਜਾਣਕਾਰੀ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਦਿੱਤੀ। ਲੜਕੀ ਦੇ ਪਰਿਵਾਰ ਵਾਲਿਆਂ ਨੇ ਅਜਿਹੀ ਕਿਸੇ ਵੀ ਗੱਲ ਤੋਂ ਇਨਕਾਰ ਕੀਤਾ ਹੈ। ਇਸ ਤੋਂ ਬਾਅਦ ਵੀ ਮੇਰੇ ਲੜਕੇ ਦੀ ਅਣਪਛਾਤੇ ਵਿਅਕਤੀਆਂ ਵੱਲੋਂ ਕੁੱਟਮਾਰ ਕੀਤੀ ਗਈ, ਜਿਸ ਦੀ ਸ਼ਿਕਾਇਤ ਥਾਣਾ ਕੈਂਟ ਬਠਿੰਡਾ ਵਿਖੇ ਦਰਜ ਕਰਵਾਈ ਗਈ ਹੈ। ਉਸ ਨੇ ਕਿਹਾ ਕਿ ਦੋ ਦਿਨ ਪਹਿਲਾਂ ਲੜਕੀ ਦੇ ਪਰਿਵਾਰਕ ਮੈਂਬਰ ਉਨ੍ਹਾਂ ਦੀ ਦੁਕਾਨ 'ਤੇ ਆਏ ਸਨ, ਉਸ ਨਾਲ ਗਾਲੀ-ਗਲੋਚ ਅਤੇ ਭੰਨਤੋੜ ਕੀਤੀ ਸੀ ਅਤੇ ਅੱਜ ਉਹ ਘਰ ਦੇ ਸਾਹਮਣੇ ਆ ਕੇ ਮਾਹੌਲ ਖਰਾਬ ਕਰ ਰਹੇ ਹਨ। ਉਹ ਕਿਸੇ ਵੀ ਹਾਲਤ ਵਿੱਚ ਅਜਿਹੇ ਲੋਕਾਂ ਨਾਲ ਆਪਣੇ ਪੁੱਤਰ ਦਾ ਰਿਸ਼ਤਾ ਨਹੀਂ ਰੱਖੇਗਾ।