Punjab News: ਸੰਗਰੂਰ ਜ਼ਿਲ੍ਹੇ ਦੀ ਗੁਰਵਿੰਦਰ ਕੌਰ ਨੇ ਮਲੇਸ਼ੀਆ ਤੋਂ ਵੀਡੀਓ ਸ਼ੇਅਰ ਕਰਕੇ ਆਪਣੀ ਦੁੱਖ ਭਰੀ ਕਹਾਣੀ ਸੁਣਾਈ ਹੈ। ਵੀਡੀਓ ਵਾਇਰਲ ਹੋਣ ਮਗਰੋਂ ਪ੍ਰਸਾਸ਼ਨ ਚੌਕਸ ਹੋਇਆ ਹੈ। ਇਸ ਮਾਮਲੇ ਵਿੱਚ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਭਰੋਸਾ ਦਿੱਤਾ ਹੈ ਕਿ ਛੇਤੀ ਹੀ ਪੰਜਾਬਣ ਦੀ ਪਿੰਡ ਵਾਪਸੀ ਹੋਵੇਗੀ।


ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ,ਮਲੇਸ਼ੀਆ ਤੋਂ ਵਤਨ ਵਾਪਸੀ ਦੀ ਮੰਗ ਕਰਨ ਵਾਲੀ ਪਿੰਡ ਅੜਕਵਾਸ ਜਿਲਾ ਸੰਗਰੂਰ ਦੀ ਕੁੜੀ ਨਾਲ ਭਾਰਤੀ ਅੰਬੈਸੀ ਦਾ ਸੰਪਰਕ ਹੋ ਗਿਆ ਹੈ..ਕਾਗਜ਼ੀ ਕਾਰਵਾਈ ਤੋਂ ਬਾਅਦ ਜਲਦੀ ਹੀ ਰਾਣੀ ਕੌਰ ਆਪਣੇ ਪਰਿਵਾਰ ਚ ਵਾਪਸ ਆ ਜਾਵੇਗੀ ..






ਜ਼ਿਕਰ ਕਰ ਦਈਏ ਕਿ ਲਹਿਰਾਗਾਗਾ ਨੇੜਲੇ ਪਿੰਡ ਅੜਕਵਾਸ ਨਾਲ ਸਬੰਧਤ ਲੜਕੀ ਗੁਰਵਿੰਦਰ ਕੌਰ ਮਲੇਸ਼ੀਆ ਵਿੱਚ ਮਾਨਸਿਕ ਤਸ਼ੱਦਦ ਦਾ ਸ਼ਿਕਾਰ ਹੈ। ਸੈਲੂਨ ਵਿੱਚ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਉੱਥੇ ਉਸ ਤੋਂ ਘਰ ਦਾ ਕੰਮ ਕਰਵਾਇਆ ਜਾ ਰਿਹਾ ਹੈ ਤੇ ਕਮਰੇ ਵਿੱਚ ਨਜ਼ਰਬੰਦ ਰੱਖਿਆ ਜਾਂਦਾ ਹੈ।


ਉਸ ਨੇ ਮਲੇਸ਼ੀਆ ਤੋਂ ਵੀਡੀਓ ਜਾਰੀ ਕਰ ਕੇ ਦੱਸਿਆ ਕਿ ਉਹ ਇੱਥੇ ਸੈਲੂਨ ਦਾ ਕੰਮ ਕਰਨ ਲਈ ਆਈ ਸੀ। ਉਨ੍ਹਾਂ ਦੇ ਦੂਰ ਦੇ ਰਿਸ਼ਤੇਦਾਰ ਨੇ ਉਸ ਨੂੰ ਝਾਂਸਾ ਦਿੱਤਾ ਸੀ ਕਿ ਉਸ ਦਾ ਮਲੇਸ਼ੀਆ ਵਿੱਚ ਸੈਲੂਨ ਹੈ ਅਤੇ ਉੱਥੇ ਕੰਮ ’ਤੇ ਲਗਾ ਦਿੱਤਾ ਜਾਵੇਗਾ। ਹੁਣ ਉਸ ਨੂੰ ਸਮੇਂ ’ਤੇ ਖਾਣਾ ਵੀ ਨਹੀਂ ਮਿਲ ਰਿਹਾ ਤੇ ਘਰ ਵਿੱਚ ਬੰਦ ਕਰਕੇ ਰੱਖਿਆ ਹੋਇਆ ਹੈ।


ਪੀੜਤ ਲੜਕੀ ਨੇ ਮੰਗ ਕੀਤੀ ਕਿ ਉਸ ਨੂੰ ਜਲਦੀ ਤੋਂ ਜਲਦੀ ਆਜ਼ਾਦ ਕਰਵਾਇਆ ਜਾਵੇ। ਇੱਥੇ ਉਸ ਦੀ ਜਾਨ ਨੂੰ ਖਤਰਾ ਹੈ। ਆਪਣੀ ਧੀ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਾਪੇ ਚਿੰਤਾ ਵਿੱਚ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਧੀ ਨੂੰ ਛੇਤੀ ਪੰਜਾਬ ਲਿਆਂਦਾ ਜਾਵੇ। ਪੀੜਤ ਗੁਰਵਿੰਦਰ ਕੌਰ ਦੀ ਭੈਣ ਰਾਣੀ ਕੌਰ ਨੇ ਸਬੰਧਿਤ ਏਜੰਟ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।