Sangrur News: ਕਣਕ ਦੀ ਫਸਲ 'ਤੇ ਸੂੰਡੀ ਦਾ ਹਮਲਾ ਹੋਇਆ ਹੈ। ਕਿਸਾਨਾਂ ਨੇ ਦਾਅਵਾ ਕੀਤਾ ਹੈ ਕਿ ਇਹ ਹਮਲਾ ਉਨ੍ਹਾਂ ਖੇਤਾਂ ਉੱਪਰ ਹੀ ਹੋਇਆ ਹੈ, ਜਿੱਥੇ ਬਗੈਰ ਪਰਾਲੀ ਸਾੜੇ ਕਣਕ ਬੀਜੀ ਸੀ। ਕਿਸਾਨਾਂ ਨੂੰ ਗਿਲਾ ਹੈ ਕਿ ਪਰਾਲੀ ਸਾੜਨ ਤੋਂ ਰੋਕਣ ਲਈ ਅਫਸਰ ਛਾਪੇ ਮਾਰ ਰਹੇ ਸੀ ਪਰ ਹੁਣ ਕੋਈ ਗੱਲ ਹੀ ਨਹੀਂ ਸੁਣ ਰਿਹਾ।


ਹਾਸਲ ਜਾਣਕਾਰੀ ਮੁਤਾਬਕ ਲਹਿਰਾਗਾਗਾ ਦੇ ਸੰਗਤਪੁਰਾ ਪਿੰਡ ਦੇ ਕਿਸਾਨ ਗੋਬਿੰਦਰ ਸਿੰਘ ਦੀ 17 ਏਕੜ ਕਣਕ ਦੀ ਫਸਲ ਸੁੰਡੀ ਨੇ ਬਰਬਾਦ ਕਰ ਦਿੱਤੀ ਹੈ। ਕਿਸਾਨ ਨੇ ਕਿਹਾ ਹੈ ਕਿ ਬਿਨਾਂ ਪਰਾਲੀ ਨੂੰ ਅੱਗ ਲਾਏ ਪਹਿਲੀ ਵਾਰ ਕਣਕ ਦੀ ਫਸਲ ਬੀਜੀ ਸੀ। ਕਿਸਾਨ ਨੂੰ ਗਿਲਾ ਹੈ ਕਿ ਅੱਗ ਲਾਉਣ ਤੋਂ ਰੋਕਣ ਲਈ ਪੁਲਿਸ ਤੇ ਵੱਡੇ ਅਧਿਕਾਰੀ ਖੇਤ ਦੇ ਵਿੱਚ ਆਉਂਦੇ ਸਨ ਪਰ ਹੁਣ ਕੋਈ ਹਾਲ ਜਾਣਨ ਨਹੀਂ ਪਹੁੰਚ ਰਿਹਾ।



ਪੰਜਾਬ ਦਾ ਕਿਸਾਨ ਅਕਸਰ ਹੀ ਮੁਸੀਬਤਾਂ ਨਾਲ ਘਿਰਿਆ ਰਹਿੰਦਾ ਹੈ। ਪਹਿਲਾਂ ਪੁਲਿਸ ਪ੍ਰਸ਼ਾਸਨ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਪਰਾਲੀ ਨੂੰ ਅੱਗ ਲਾਉਣ ਤੋਂ ਰੋਕ ਰਿਹਾ ਸੀ। ਇਸ ਡਰ ਦੇ ਮਾਰੇ ਕਈ ਕਿਸਾਨਾਂ ਨੇ ਬਿਨਾਂ ਪਰਾਲੀ ਨੂੰ ਅੱਗ ਲਾਏ ਕਣਕ ਦੀ ਫਸਲ ਦੀ ਬਿਜਾਈ ਕੀਤੀ। ਹੁਣ ਉਸੇ ਖੇਤਾਂ ਵਿੱਚ ਸੂੰਡੀ ਦਾ ਹਮਲਾ ਦੇਖਣ ਨੂੰ ਮਿਲ ਰਿਹਾ ਹੈ। 


ਦੱਸ ਦਈਏ ਕਿ ਕਣਕ ਦੀ ਫਸਲ ਨੂੰ ਸੂੰਡੀ ਲੱਗਣ ਦੀਆਂ ਘਟਨਾਵਾਂ ਪਹਿਲਾਂ ਵੀ ਸਾਹਮਣੇ ਆਈਆਂ ਸੀ ਪਰ ਕਿਸਾਨਾਂ ਦਾ ਤਰਕ ਹੈ ਕਿ ਉਨ੍ਹਾਂ ਖੇਤਾਂ ਵਿੱਚ ਹੀ ਸੂੰਡੀ ਦੀ ਮਾਰ ਜਿਆਦਾ ਸਾਹਮਣੇ ਆ ਰਹੀ ਹੈ, ਜਿੱਥੇ ਪਰਾਲੀ ਨੂੰ ਬਿਨਾਂ ਅੱਗ ਲਾਏ ਕਣਕ ਦੀ ਬਿਜਾਈ ਕੀਤੀ ਹੈ।



ਲਹਿਰਾਗਾਗਾ ਦੇ ਸੰਗਤਪੁਰਾ ਪਿੰਡ ਦੇ ਕਿਸਾਨ ਗੋਬਿੰਦਰ ਸਿੰਘ ਦੀ ਖੇਤ ਵਿੱਚ 17 ਏਕੜ ਫਸਲ ਸੁੰਡੀ ਕਰਕੇ ਬਰਬਾਦ ਹੋ ਚੁੱਕੀ ਹੈ। ਕਿਸਾਨ ਨੇ ਕਈ ਏਕੜ ਠੇਕੇ ਉੱਪਰ ਜ਼ਮੀਨ ਲੈ ਕੇ ਖੇਤੀ ਕੀਤੀ ਹੋਈ ਹੈ। ਉਸ ਨੇ ਕਿਹਾ ਕਿ ਪਹਿਲਾਂ ਤਾਂ ਖੇਤਾਂ ਵਿੱਚ ਵੱਡੇ ਅਧਿਕਾਰੀ ਆ ਰਹੇ ਸੀ। ਜਮੀਨਾਂ ਦੇ ਰਿਕਾਰਡ ਵਿੱਚ ਰੈੱਡ ਐਂਟਰੀ ਕਰਨ ਤੇ ਜੁਰਮਾਨੇ ਦੀਆਂ ਗੱਲਾਂ ਹੋ ਰਹੀਆਂ ਸੀ। 


ਇਸ ਲਈ ਉਸ ਨੇ ਆਪਣੇ ਖੇਤ ਵਿੱਚ ਪਹਿਲੀ ਵਾਰ ਪਰਾਲੀ ਨੂੰ ਬਿਨਾਂ ਅੱਗ ਲਾਏ ਕਣਕ ਦੀ ਬਿਜਾਈ ਕੀਤੀ। ਹੁਣ ਪੂਰੀ ਫਸਲ ਬਰਬਾਦ ਹੋ ਗਈ ਹੈ। ਹੁਣ ਕੋਈ ਖੇਤੀਬਾੜੀ ਅਧਿਕਾਰੀ ਹਾਲ ਜਾਣਨ ਵੀ ਨਹੀਂ ਪਹੁੰਚਿਆ। ਉਸ ਨੇ ਕਿਹਾ ਕਿ ਕਈ ਚੱਕਰ ਲਹਿਰਾਗਾਗਾ ਖੇਤੀਬਾੜੀ ਦਫਤਰ ਦੋ ਵੀ ਲਾਏ ਪਰ ਉੱਥੇ ਕੋਈ ਅਫਸਰ ਮੌਜੂਦ ਹੀ ਨਹੀਂ।


ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਸੂਬਾ ਸਿੰਘ ਸੰਗਤਪੁਰਾ ਨੇ ਕਿਹਾ ਜਿਸ ਗੱਲ ਦਾ ਡਰ ਸਾਨੂੰ ਪਹਿਲਾਂ ਸੀ, ਉਹੀ ਅੱਜ ਸਾਹਮਣੇ ਆਇਆ ਹੈ। ਸੰਗਤਪੁਰਾ ਪਿੰਡ ਦੇ ਕਿਸਾਨ ਦੀ 17 ਏਕੜ ਫਸਲ ਸੁੰਡੀ ਨੇ ਖਾ ਲਈ ਹੈ। ਸਰਕਾਰਾਂ ਦੀਆਂ ਨੀਤੀਆਂ ਕਾਰਪੋਰੇਟ ਘਰਾਣਿਆਂ ਨੂੰ ਮਜਬੂਤ ਕਰ ਰਹੀਆਂ ਹਨ। ਇਹ ਕਿਸਾਨੀ ਬਰਬਾਦ ਕਰ ਰਹੀਆਂ ਹਨ। ਨਵੇਂ ਤਰੀਕਿਆਂ ਨਾਲ ਫੈਸਲੇ ਸਾਡੇ ਤੇ ਥੋਪੇ ਜਾ ਰਹੇ ਹਨ।


ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਜਦੋਂ ਕਿਸੇ ਖੇਤ ਵਿੱਚੋਂ ਧੂਆਂ ਨਿਕਲਦਾ ਸੀ ਤਾਂ ਪੁਲਿਸ, ਪ੍ਰਸ਼ਾਸਨਿਕ ਤੇ ਖੇਤੀਬਾੜੀ ਅਧਿਕਾਰੀ ਖੇਤਾਂ ਵਿੱਚ ਪਹੁੰਚ ਜਾਂਦੇ ਸੀ। ਕਿਸਾਨਾਂ ਨੂੰ ਜੁਰਮਾਨੇ ਤੇ ਰੈੱਡ ਐਂਟਰੀਆਂ ਹੁੰਦੀਆਂ ਸੀ ਪਰ ਜਦੋਂ ਹੁਣ ਖੇਤਾਂ ਵਿੱਚ ਕਿਸਾਨਾਂ ਦੀ ਫਸਲ ਬਰਬਾਦ ਹੋ ਰਹੀ ਹੈ ਤਾਂ ਕੋਈ ਨਹੀਂ ਆ ਰਿਹਾ। ਸਰਕਾਰ ਹੋਏ ਨੁਕਸਾਨ ਦਾ ਮੁਆਵਜ਼ਾ ਦੇਵੇ।