Sangrur News: ਇਸ ਵਾਰ ਟਮਾਟਰ ਕਮਾਲ ਕਰ ਰਿਹਾ ਹੈ। ਟਮਾਟਰ ਨੇ ਸਬਜ਼ੀਆਂ ਦੀ ਦੁਨੀਆ ਵਿੱਚ ਲਾਲ ਸੋਨੇ ਦਾ ਰੁਤਬਾ ਹਾਸਲ ਕਰ ਲਿਆ ਹੈ। ਅੱਜ ਬਰਨਾਲਾ ਵਿੱਚ ਟਮਾਟਰ 240 ਰੁਪਏ ਕਿਲੋ ਵਿਕ ਰਿਹਾ ਹੈ। ਅਹਿਮ ਗੱਲ ਹੈ ਕਿ ਟਮਾਟਰ ਦਾ ਰੇਟ ਪਿਛਲੇ ਕਾਫੀ ਸਮੇਂ ਤੋਂ ਅਸਮਾਨੀਂ ਚੜ੍ਹਿਆ ਹੋਇਆ ਹੈ। ਟਮਾਟਰ ਦੇ ਨਾਲ ਹੀ ਹੋਰ ਸਬਜ਼ੀਆਂ ਵੀ ਰਸੋਈ ਤੋਂ ਬਾਹਰ ਹੋ ਗਈਆਂ ਹਨ।



ਜੇਕਰ ਹੋਰ ਸਬਜ਼ੀਆਂ ਦੀ ਗੱਲ ਕਰੀਏ ਤਾਂ ਇਨ੍ਹਾਂ ਦੇ ਰੇਟ ਵੀ ਅਸਮਾਨ ਛੂਹ ਰਹੇ ਹਨ। ਅੱਜ ਹਰ ਆਮ ਆਦਮੀ ਨੂੰ ਮਹਿੰਗੀਆਂ ਸਬਜ਼ੀਆਂ ਦੀ ਮਾਰ ਪੈ ਰਹੀ ਹੈ। ਬਰਨਾਲਾ ਵਿੱਚ ਸਬਜ਼ੀਆਂ ਦੇ ਭਾਅ ਅਸਮਾਨ ਨੂੰ ਛੂਹ ਰਹੇ ਹਨ। ਇੱਥੇ ਟਮਾਟਰ 240 ਰੁਪਏ ਕਿਲੋ, ਮਟਰ 200 ਰੁਪਏ ਕਿਲੋ, ਸ਼ਿਮਲਾ ਮਿਰਚ 200 ਰੁਪਏ ਕਿਲੋ, ਨਿੰਬੂ 120 ਰੁਪਏ ਕਿਲੋ, ਭਿੰਡੀ 70 ਰੁਪਏ ਕਿਲੋ, ਫਲੀਆਂ 150 ਰੁਪਏ ਕਿਲੋ ਤੇ ਖੀਰਾ 60 ਰੁਪਏ ਕਿੱਲੋ ਵਿਕ ਰਿਹਾ ਹੈ।


ਹਾਲਾਤ ਇਹ ਹਨ ਕਿ ਸਬਜ਼ੀ ਮੰਡੀ ਵਿੱਚ ਵੀ ਨਮਕ ਤੇ ਚਟਨੀ ਨਾਲ ਰੋਟੀ ਖਾਣ ਦੀ ਸਲਾਹ ਦਿੱਤੀ ਜਾ ਰਹੀ ਹੈ ਕਿਉਂਕਿ ਸਬਜ਼ੀਆਂ ਖਰੀਦਣੀਆਂ ਅੱਜ ਕੱਲ੍ਹ ਹਰ ਕਿਸੇ ਦੇ ਵੱਸ ਤੋਂ ਬਾਹਰ ਹੈ। ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਖਾਣ-ਪੀਣ ਦਾ ਬਜਟ 2000 ਰੁਪਏ ਤੱਕ ਹੁੰਦਾ ਸੀ ਜੋ ਹੁਣ 10000 ਰੁਪਏ ਵਿੱਚ ਵੀ ਪੂਰਾ ਨਹੀਂ ਹੁੰਦਾ। ਲੋਕਾਂ ਨੇ ਕਿਹਾ ਕਿ ਬੇਸ਼ੱਕ ਮਹਿੰਗਾਈ ਦਾ ਕਾਰਨ ਹੜ੍ਹਾਂ ਕਾਰਨ ਪੈਦਾ ਹੋਈ ਕੁਦਰਤੀ ਆਫ਼ਤ ਹੈ ਪਰ ਪੰਜਾਬ ਸਰਕਾਰ ਨੂੰ ਇਸ ਪ੍ਰਤੀ ਸੁਚੇਤ ਹੋਣਾ ਚਾਹੀਦਾ ਹੈ। ਪੰਜਾਬ ਵਿੱਚ ਬਹੁਤ ਸਾਰੀਆਂ ਸਬਜ਼ੀਆਂ ਪੈਦਾ ਹੁੰਦੀਆਂ ਹਨ। ਜੇਕਰ ਇਨ੍ਹਾਂ ਨੂੰ ਸਹੀ ਢੰਗ ਨਾਲ ਸਟੋਰ ਕੀਤਾ ਜਾਵੇ ਤਾਂ ਇਸ ਮਹਿੰਗਾਈ ਤੋਂ ਬਚਿਆ ਜਾ ਸਕਦਾ ਹੈ। 


ਦਰਅਸਲ ਦਿਨੋਂ-ਦਿਨ ਵੱਧ ਰਹੀ ਮਹਿੰਗਾਈ ਕਾਰਨ ਅੱਜ ਸਬਜ਼ੀਆਂ ਦੇ ਭਾਅ ਅਸਮਾਨ ਨੂੰ ਛੂਹ ਰਹੇ ਹਨ। ਇਸ ਮਹਿੰਗਾਈ ਦੇ ਯੁੱਗ ਵਿੱਚ ਹਰ ਆਮ ਆਦਮੀ ਦੇ ਘਰ ਸਬਜ਼ੀ ਖਰੀਦਣੀ ਤੇ ਸਬਜ਼ੀ ਬਣਾਉਣੀ ਬਹੁਤ ਮਹਿੰਗੀ ਹੁੰਦੀ ਜਾ ਰਹੀ ਹੈ। ਪਿਛਲੇ ਕਈ ਦਿਨਾਂ ਤੋਂ ਟਮਾਟਰ 250 ਰੁਪਏ ਤੋਂ 300 ਰੁਪਏ ਕਿੱਲੋ ਵਿੱਚ ਵਿਕ ਰਿਹਾ ਹੈ। ਇਹ ਹਰ ਕਿਸੇ ਦੀ ਪਹੁੰਚ ਤੋਂ ਬਾਹਰ ਹੈ। ਖਰੀਦਦਾਰੀ ਕਰਨ ਵਾਲੇ ਲੋਕ ਇਸ ਮਹਿੰਗਾਈ ਕਾਰਨ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਜਦੋਂ ਲੋਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਬਜ਼ੀਆਂ ਖਰੀਦਣੀਆਂ ਬਹੁਤ ਔਖੀਆਂ ਹਨ। ਹਰ ਸਬਜ਼ੀ ਬਹੁਤ ਮਹਿੰਗੀ ਹੋ ਗਈ ਹੈ। ਸਬਜ਼ੀ ਛੱਡ ਕੇ ਚਟਨੀ ਨਾਲ ਰੋਟੀ ਖਾਣ ਦੀ ਹਾਲਤ ਬਣੀ ਹੋਈ ਹੈ।


ਇਸ ਦੌਰਾਨ ਸਬਜ਼ੀ ਵਿਕਰੇਤਾਵਾਂ ਨੇ ਦੱਸਿਆ ਕਿ ਸਬਜ਼ੀਆਂ ਦੇ ਭਾਅ ਇੰਨੇ ਹੋ ਗਏ ਹਨ, ਜਿਸ ਕਾਰਨ ਉਨ੍ਹਾਂ ਦੀ ਦੁਕਾਨਦਾਰੀ ਠੰਢੀ ਪੈ ਗਈ ਹੈ। ਮੰਦੀ ਦਾ ਮਾਹੌਲ ਬਣਿਆ ਹੋਇਆ ਹੈ। ਗਾਹਕ ਸਬਜ਼ੀ ਖਰੀਦਣ ਲਈ ਬਹੁਤ ਘੱਟ ਖਰਚ ਕਰਦੇ ਹਨ ਤੇ ਜਿਸ ਕੋਈ ਖਰੀਦ ਨਹੀਂ ਹੁੰਦੀ। ਜੋ ਗਾਹਕ ਅਜੇ ਵੀ ਸਬਜ਼ੀਆਂ ਖਰੀਦ ਰਿਹਾ ਹੈ, ਉਹ ਘੱਟ ਮਾਤਰਾ 'ਚ ਖਰੀਦ ਰਿਹਾ ਹੈ।