Sangrur Lok Sabha Seat: ਪੰਜਾਬ ਵਿੱਚ ਇਸ ਵਾਰ ਲੋਕ ਸਭਾ ਚੋਣਾਂ ਦਿਲਚਸਪ ਬਣੀਆਂ ਹੋਈਆਂ ਹਨ। ਖਾਸਕਰ ਸੰਗਰੂਰ ਲੋਕ ਸਭਾ ਹਲਕੇ ਉਪਰ ਸਭ ਦੀਆਂ ਨਜ਼ਰਾਂ ਹਨ। ਕਾਂਗਰਸ ਵੱਲੋਂ ਆਪਣੇ ਸੀਨੀਅਰ ਲੀਡਰ ਸੁਖਪਾਲ ਸਿੰਘ ਖਹਿਰਾ ਨੂੰ ਮੈਦਾਨ ਵਿੱਚ ਉਤਾਰ ਕੇ ਮੁਕਾਬਲਾ ਫਸਵਾਂ ਬਣਾ ਦਿੱਤਾ ਹੈ। ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਸੰਗਰੂਰ ਹਲਕੇ ਤੋਂ ਆਮ ਆਦਮੀ ਪਾਰਟੀ, ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਿਚਾਲੇ ਹੀ ਮੁਕਾਬਲਾ ਨਜ਼ਰ ਆ ਰਿਹਾ ਹੈ।
ਦੱਸ ਦਈਏ ਕਿ ਸੰਗਰੂਰ ਲੋਕ ਸਭਾ ਹਲਕੇ ਤੋਂ ਮੁੱਖ ਸਿਆਸੀ ਧਿਰਾਂ ਦੇ ਉਮੀਦਵਾਰਾਂ ਸਣੇ ਕੁੱਲ 23 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਅਹਿਮ ਗੱਲ ਹੈ ਕਿ ਸੰਗਰੂਰ ਹਲਕੇ ਦੀ ਚੋਣ ’ਚ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਹੀ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਤੇ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਤੇ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਦਾ ਸਿਆਸੀ ਵੱਕਾਰ ਦਾਅ ’ਤੇ ਲੱਗਿਆ ਹੋਇਆ ਹੈ।
ਸੀਐਮ ਭਗਵੰਤ ਮਾਨ ਲਈ ਇਹ ਚੋਣ ਇਸ ਲਈ ਅਹਿਮ ਹੈ ਕਿਉਂਕਿ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਸੰਗਰੂਰ ਹਲਕੇ ਨੂੰ ਆਪਣੀ ਰਾਜਧਾਨੀ ਮੰਨਦੀ ਹੈ। ਭਗਵੰਤ ਮਾਨ 2014 ਤੇ 2019 ’ਚ ਇੱਥੋਂ ਵੱਡੀ ਲੀਡ ਨਾਲ ਜਿੱਤੇ ਸਨ। ਇਸ ਮਗਰੋਂ ਸੂਬੇ ਦੀ ਸੱਤਾ ’ਤੇ ਕਾਬਜ਼ ਹੋਣ ਦੇ ਕੁਝ ਮਹੀਨਿਆਂ ਬਾਅਦ ਹੀ ‘ਆਪ’ ਨੂੰ 2022 ਦੀ ਜ਼ਿਮਨੀ ਚੋਣ ’ਚ ਹਾਰ ਦਾ ਮੂੰਹ ਵੇਖਣਾ ਪਿਆ।
ਉਂਝ ਵੀ ਜ਼ਿਲ੍ਹਾ ਸੰਗਰੂਰ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਦਾ ਜੱਦੀ ਜ਼ਿਲ੍ਹਾ ਹੈ, ਉੱਥੇ ਤਿੰਨ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਅਮਨ ਅਰੋੜਾ ਤੇ ਗੁਰਮੀਤ ਸਿੰਘ ਮੀਤ ਹੇਅਰ ਵੀ ਇਸ ਹਲਕੇ ਨਾਲ ਸਬੰਧਤ ਹਨ। ‘ਆਪ’ ਦਾ ਮੌਜੂਦਾ ਸਮੇਂ ਸੰਗਰੂਰ ਸੰਸਦੀ ਹਲਕੇ ਅਧੀਨ ਪੈਂਦੇ ਸਾਰੇ 9 ਵਿਧਾਨ ਸਭਾ ਹਲਕਿਆਂ ’ਤੇ ਕਬਜ਼ਾ ਹੈ। 2022 ਦੀ ਜ਼ਿਮਨੀ ਚੋਣ ’ਚ ਹਾਰ ਦਾ ਦਾਗ ਧੋਣ ਲਈ ‘ਆਪ’ ਨੇ ਪੂਰੀ ਤਾਕਤ ਝੋਕ ਦਿੱਤੀ ਹੈ।
ਉਧਰ, ਕਾਂਗਰਸ ਪਾਰਟੀ ਵੱਲੋਂ ਸੁਖਪਾਲ ਸਿੰਘ ਖਹਿਰਾ ਉਮੀਦਵਾਰ ਹਨ। ਖਹਿਰਾ ਆਪਣੇ ’ਤੇ ਦਰਜ ਪੁਲਿਸ ਕੇਸਾਂ ਦਾ ਜ਼ਿਕਰ ਕਰਦਿਆਂ ਆਖਦੇ ਹਨ ਕਿ ਇਨ੍ਹਾਂ ਕੇਸਾਂ ਕਾਰਨ ਹੀ ਪਾਰਟੀ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਜ਼ਿਲ੍ਹੇ ’ਚ ਭੇਜਿਆ ਹੈ। ਇਹ ਚੋਣ ਖਹਿਰਾ ਦੇ ਵਕਾਰ ਦਾ ਸਵਾਲ ਬਣ ਗਈ ਹੈ ਕਿਉਂਕਿ ਮੁੱਖ ਮੰਤਰੀ ਨਾਲ ਉਨ੍ਹਾਂ ਦੀ ਸਿਆਸੀ ਕੁੜੱਤਣ ਕਾਰਨ ਮੁਕਾਬਲਾ ਦਿਲਚਸਪ ਬਣਿਆ ਹੋਇਆ ਹੈ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਵੀ ਇਸ ਸੀਟ ਤੋਂ ਤੀਜੀ ਜਿੱਤ ਪ੍ਰਾਪਤ ਕਰਨ ਲਈ ਪੂਰੀ ਵਾਹ ਲਗਾ ਰੱਖੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਇੱਥੋਂ 1999 ਅਤੇ 2022 ’ਚ ਚੋਣ ਜਿੱਤੀ ਸੀ। ਭਾਜਪਾ ਉਮੀਦਵਾਰ ਅਰਵਿੰਦ ਖੰਨਾ ਕਿਸਾਨਾਂ ਦੇ ਵਿਰੋਧ ਦੇ ਬਾਵਜੂਦ ਚੋਣ ਮੁਹਿੰਮ ’ਚ ਜੁਟੇ ਹੋਏ ਹਨ ਜਿਨ੍ਹਾਂ ਨੂੰ ਸ਼ਹਿਰੀ ਖੇਤਰ ਦੇ ਵੋਟਰਾਂ ਵੱਲੋਂ ਹੁੰਗਾਰਾ ਮਿਲ ਰਿਹਾ ਹੈ। ਅਕਾਲੀ ਦਲ ਦੇ ਉਮੀਦਵਾਰ ਇਕਬਾਲ ਸਿੰਘ ਝੂੰਦਾਂ ਵੀ ਪੂਰੀ ਸਰਗਰਮੀ ਨਾਲ ਚੋਣ ਮੁਹਿੰਮ ’ਚ ਜੁਟੇ ਹੋਏ ਹਨ ਪਰ ਪਾਰਟੀ ਉਮੀਦਵਾਰ ਨੂੰ ਚੋਣ ਮੈਦਾਨ ’ਚ ਢੀਂਡਸਾ ਪਰਿਵਾਰ ਦੀ ਗੈਰਹਾਜ਼ਰੀ ਰੜਕ ਰਹੀ ਹੈ।