Sangrur News: ਵਿਸ਼ਵ ਟੀਬੀ ਦਿਵਸ ਮੌਕੇ ਅੱਜ ਸਿਵਲ ਹਸਪਤਾਲ ਸੰਗਰੂਰ ਤੋਂ ‘ਟੀਬੀ ਹਾਰੇਗਾ, ਦੇਸ਼ ਜਿੱਤੇਗਾ’ ਦੇ ਨਾਅਰੇ ਹੇਠ ਜਾਗਰੂਕਤਾ ਰੈਲੀ ਨੂੰ ਸਿਵਲ ਸਰਜਨ ਡਾ. ਪਰਮਿੰਦਰ ਕੌਰ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਵੱਲੋਂ ਨਿਕਸ਼ੈ ਮਿੱਤਰ ਸ਼੍ਰੀ ਦੁਰਗਾ ਸੇਵਾ ਦਲ ਸੰਗਰੂਰ, ਸ਼੍ਰੀ ਪ੍ਰਭੂ ਕ੍ਰਿਪਾ ਸੇਵਾ ਸੁਸਾਇਟੀ ਸੰਗਰੂਰ ਤੇ ਕੇਆਰਬੀਐਲ ਧੂਰੀ ਦੇ ਸਹਿਯੋਗ ਨਾਲ ਟੀਬੀ ਮਰੀਜ਼ਾਂ ਨੂੰ ਰਾਸ਼ਨ ਦਿੱਤਾ ਗਿਆ।


ਇਹ ਵੀ ਪੜੋ : ਅੰਮ੍ਰਿਤਪਾਲ ਸਿੰਘ ਦੇ ਗੰਨਮੈਨ ਗੋਰਖਾ ਬਾਬਾ ਨੇ ਕੀਤੇ ਵੱਡੇ ਖੁਲਾਸੇ, ਨਸ਼ਾ ਛੱਡਣ ਵਾਲੇ ਨੌਜਵਾਨਾਂ ਨੂੰ ਫੌਜ 'ਚ ਸ਼ਾਮਲ ਕਰਕੇ ਦਿੱਤੀ ਜਾਂਦੀ ਸੀ ਤਨਖਾਹ

ਡਾ. ਪਰਮਿੰਦਰ ਕੌਰ ਨੇ ਕਿਹਾ ਕਿ ਟੀ.ਬੀ. (ਟਿਊਬਰਕਲੋਸਿਸ) ਦਾ ਮੁੱਖ ਕਾਰਨ ਮਾਈਕਬੈਕਟੀਰੀਅਮ ਟਿਊਬਰਕਲੋਸਿਸ ਬੈਕਟਰੀਆ ਹੈ। ਟੀਬੀ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਉਦੋਂ ਫ਼ੈਲਦਾ ਹੈ ਜਦੋਂ ਕੋਈ ਵਿਅਕਤੀ ਖੰਘਦਾ ਹੈ ਜਾਂ ਛਿੱਕ ਮਾਰਦਾ ਹੈ ਤੇ ਖੰਘਣ ਜਾਂ ਛਿੱਕਣ ਨਾਲ ਛੱਡੀਆਂ ਗਈਆਂ ਬੂੰਦਾਂ ਸਾਹ ਰਾਹੀ ਕਿਸੇ ਤੰਦਰੁਸਤ ਵਿਅਕਤੀ ਦੇ ਅੰਦਰ ਚਲੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਟੀ.ਬੀ. ਦੇ ਸਹਿ ਕਾਰਕਾਂ ਵਿੱਚ ਤੰਬਾਕੂ ਦੀ ਵਰਤੋਂ, ਕੁਪੋਸ਼ਣ, ਸ਼ਰਾਬ ਦੀ ਵਰਤੋਂ ਆਦਿ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਟੀ.ਬੀ. ਦੀ ਜਾਂਚ ਤੇ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਉਪਲੱਬਧ ਹੈ। ਉਨ੍ਹਾਂ ਕਿਹਾ ਕਿ ਟੀ.ਬੀ. ਦਾ ਇਲਾਜ ਕਦੇ ਵੀ ਅੱਧ-ਵਾਟੇ ਨਹੀਂ ਛੱਡਣਾ ਚਾਹੀਦਾ।


ਇਹ ਵੀ ਪੜੋ : ਅੰਮ੍ਰਿਤਪਾਲ ਸਿੰਘ ਦੇ ਹੱਕ 'ਚ ਛੱਤੀਸਗੜ੍ਹ 'ਚ ਰੈਲੀ, ਪਤਾ ਲੱਗਦਿਆਂ ਹੀ ਪੁਲਿਸ ਨੇ ਕੀਤਾ ਵੱਡਾ ਐਕਸ਼ਨ

ਇਸ ਮੌਕੇ ਜ਼ਿਲ੍ਹਾ ਟੀ.ਬੀ. ਅਫ਼ਸਰ ਡਾ. ਵਿਕਾਸ ਧੀਰ ਨੇ ਕਿਹਾ ਕਿ ਰੋਜ਼ਾਨਾ ਪੌਸ਼ਟਿਕ ਤੇ ਸਾਫ ਭੋਜਣ ਦਾ ਸੇਵਨ, ਰੋਜ਼ਾਨਾ ਕਸਰਤ ਤੇ ਸਾਫ਼ ਵਾਤਾਵਰਣ ਵਿੱਚ ਸੈਰ ਕਰਨ ਨਾਲ ਟੀ.ਬੀ. ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਦੋ ਹਫ਼ਤਿਆਂ ਤੋਂ ਵੱਧ ਸਮੇਂ ਤੋਂ ਖਾਂਸੀ, ਭਾਰ ਘਟਣਾ, ਭੁੱਖ ਘੱਟ ਲੱਗਣਾ, ਥਕਾਵਟ ਰਹਿਣਾ ਜਾਂ ਰਾਤ ਸਮੇਂ ਪਸੀਨਾ ਆਉਣਾ ਟੀ.ਬੀ. ਦੇ ਲੱਛਣ ਹਨ। ਉਨ੍ਹਾਂ ਕਿਹਾ ਕਿ ਅਜਿਹੇ ਲੱਛਣ ਦਿਖਾਈ ਦੇਣ ‘ਤੇ ਤੁਰੰਤ ਨੇੜੇ ਦੇ ਸਿਹਤ ਕੇਂਦਰ ਵਿਖੇ ਟੀ.ਬੀ. ਦੀ ਜਾਂਚ ਕਰਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ 2025 ਤੱਕ ਟੀ.ਬੀ. ਤੋਂ ਮੁਕਤ ਕਰਨ ਦਾ ਟੀਚਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ‘ਹਾਂ, ਅਸੀਂ ਟੀ.ਬੀ. ਨੂੰ ਖਤਮ ਕਰ ਸਕਦੇ ਹਾਂ’, ਥੀਮ ਹੇਠ ਟੀ.ਬੀ. ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।

ਵਿਸ਼ਵ ਟੀ.ਬੀ. ਦਿਵਸ ਮੌਕੇ ਸਰਕਾਰੀ ਨਰਸਿੰਗ ਟ੍ਰੇਨਿੰਗ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਟੀ.ਬੀ. ਬਾਰੇ ਜਾਗਰੂਕਤਾ ਫ਼ੈਲਾਉਣ ਦੇ ਮਕਸਦ ਨਾਲ ਪੋਸਟਰ ਮੇਕਿੰਗ ਮੁਕਾਬਲਾ ਵੀ ਕਰਵਾਇਆ ਗਿਆ ਹੈ। ਇਸ ਦੌਰਾਨ ਸਿਵਲ ਸਰਜਨ ਵੱਲੋਂ ਸਾਫ਼ ਵਾਤਾਵਰਣ ਦਾ ਸੁਨੇਹਾ ਦਿੰਦਿਆਂ ਸਿਵਲ ਹਸਪਤਾਲ ਵਿਖੇ ਪੌਦਾ ਵੀ ਲਗਾਇਆ ਗਿਆ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਕ੍ਰਿਪਾਲ ਸਿੰਘ, ਮੈਡੀਕਲ ਅਫ਼ਸਰ ਡਾ. ਜੋਤੀ ਵਰਮਾ, ਡਿਪਟੀ ਮਾਸ ਮੀਡੀਆ ਅਫ਼ਸਰ ਸਰੋਜ ਰਾਣੀ, ਜਗਤਾਰ ਸਿੰਘ, ਵਿਸ਼ਾਲਦੀਪ ਆਦਿ ਮੌਜੂਦ ਸਨ।