Amritsar News: ਅੱਜ ਅਯੁੱਧਿਆ ਵਿੱਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਨੂੰ ਲੈ ਕੇ ਦੇਸ਼ ਭਰ ਵਿੱਚ ਲੰਗਰ ਲਗਾਏ ਗਏ। ਉੱਥੇ ਹੀ ਅੰਮ੍ਰਿਤਸਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਨਿਲ ਜੋਸ਼ੀ ਵੱਲੋਂ ਵੀ ਲੰਗਰ ਲਗਾਇਆ ਗਿਆ। ਇਸ ਦੀ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਗਈ। ਇਸ ਮੌਕੇ ਸੁਖਬੀਰ ਬਾਦਲ ਤੇ ਸਮੂਹ ਅਕਾਲੀ ਲੀਡਰਸ਼ਿਪ ਨੇ ਮਿਲ ਕੇ ਲੰਗਰ ਛਕਿਆ। 


ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਦੇ ਮਰਹੂਮ ਪਿਤਾ ਪ੍ਰਕਾਸ਼ ਸਿੰਘ ਬਾਦਲ ਨੇ ਹਮੇਸ਼ਾ ਹੀ ਹਰੇਕ ਧਰਮ ਦਾ ਸਤਿਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ 300 ਕਰੋੜ ਰੁਪਏ ਲਾ ਕੇ ਰਾਮ ਤੀਰਥ ਮੰਦਰ ਨੂੰ ਬਹੁਤ ਖੂਬਸੂਰਤ ਬਣਾਇਆ ਗਿਆ। ਇਤਿਹਾਸਿਕ ਦੁਰਗਿਆਨਾ ਮੰਦਰ ਵਾਸਤੇ ਵੀ 150 ਕਰੋੜ ਰੁਪਏ ਦੇ ਕੇ ਉਸ ਨੂੰ ਬਿਊਟੀਫਾਈ ਕੀਤਾ ਗਿਆ। ਗੁਰੂ ਰਵਿਦਾਸ ਜੀ ਮਹਾਰਾਜ ਦੇ ਪਵਿੱਤਰ ਸਥਾਨ ਨੂੰ ਲੈ ਕੇ ਵੀ ਪਲੈਨਿੰਗ ਸ਼ੁਰੂ ਕੀਤੀ ਗਈ।









ਉਨ੍ਹਾਂ ਨੇ ਕਿਹਾ ਕਿ ਸਾਨੂੰ ਅਜਿਹਾ ਮੁੱਖ ਮੰਤਰੀ ਮਿਲ਼ਿਆ, ਜਿਸ ਨੂੰ ਕੋਈ ਮਾਣ ਮਰਿਆਦਾ ਦਾ ਪਤਾ ਨਹੀਂ। ਉਸ ਨੂੰ ਕਿਸੇ ਦੀ ਭਾਵਨਾ ਦੀ ਕਦਰ ਨਹੀਂ। ਉਹ ਆਪਣਾ ਸੋਚਦਾ ਤੇ ਆਪਣਾ ਕਰਦਾ ਹੈ। ਆਮ ਜਨਤਾ ਦੀਆਂ ਭਾਵਨਾਵਾਂ ਦਾ ਉਸ ਨੂੰ ਕੋਈ ਪਤਾ ਨਹੀਂ। ਸੁਖਬੀਰ ਬਾਦਲ ਨੇ ਕਿਹਾ ਕਿ ਸਾਰੇ ਧਰਮਾਂ ਦਾ ਸਤਿਕਾਰ ਕਰੋ। ਆਪਾਂ ਸਾਰੇ ਧਰਮਾਂ ਦੇ ਸ਼ੁਭ ਦਿਹਾੜੇ ਇਕੱਠੇ ਹੋ ਕੇ ਮਨਾਈਏ। ਇਹ ਹੀ ਪੰਜਾਬ ਦੀ ਤਾਕਤ ਹੈ।


ਉਨ੍ਹਾਂ ਨੇ ਕਿਹਾ ਕਿ ਅੱਜ ਦੁਨੀਆ ਵਿੱਚ ਵੱਸਦੇ ਹਿੰਦੂ ਸਮਾਜ ਵਾਸਤੇ ਬੜਾ ਖੁਸ਼ੀ ਦਾ ਦਿਨ ਹੈ। ਰਾਮ ਮੰਦਰ ਦੀ ਅੱਜ ਪ੍ਰਾਣ ਪ੍ਰਤਿਸ਼ਠਾ ਅੱਜ ਹੋ ਰਹੀ ਹੈ। ਆਪਣਾ ਇਕੱਲਾ ਅਜਿਹਾ ਦੇਸ਼ ਹੈ ਜਿੱਥੇ ਦੁਨੀਆਂ ਦੇ ਸਾਰੇ ਧਰਮਾਂ ਦੇ ਲੋਕ ਰਹਿੰਦੇ ਹਨ। ਇੱਕ ਦੂਜੇ ਦੀਆਂ ਖੁਸ਼ੀਆਂ ਵਿੱਚ ਆਪਣਾ ਹਿੱਸਾ ਪਾਉਂਦੇ ਹਨ। ਉਨ੍ਹਾਂ ਨੇ ਕਿਹਾ ਪ੍ਰਕਾਸ਼ ਸਿੰਘ ਬਾਦਲ ਦੀ ਸੋਚ ਅਜਿਹੀ ਸੋਚ ਸੀ, ਜਿਨ੍ਹਾਂ ਨੇ ਪੰਜਾਬ ਨੂੰ ਇਕੱਠਾ ਰੱਖਿਆ ਤੇ ਪੰਜਾਬ ਨੂੰ ਅੱਗੇ ਲੈ ਕੇ ਗਏ। ਪ੍ਰਕਾਸ਼ ਸਿੰਘ ਬਾਦਲ ਸਾਰੇ ਧਰਮਾਂ ਦੇ ਸ਼ੁਭ ਦਿਹਾੜੇ ਆਪ ਉਨ੍ਹਾਂ ਨਾਲ ਬਹਿ ਕੇ ਮਨਾਉਂਦੇ ਸੀ।