Punjab Election 2022 : ਪੰਜਾਬ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ (ਆਪ) ਸਮੇਤ ਸਾਰੀਆਂ ਪਾਰਟੀਆਂ ਨੇ ਪੂਰੀ ਤਾਕਤ ਲਗਾ ਦਿੱਤੀ ਹੈ। ਇਸ ਦੌਰਾਨ ਅੱਜ 'ਏਬੀਪੀ ਨਿਊਜ਼' ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਾਂਗਰਸ, ਭਾਜਪਾ ਅਤੇ ਅਕਾਲੀ ਦਲ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਪੁਰਾਣੇ ਆਗੂਆਂ ਅਤੇ ਪੁਰਾਣੀਆਂ ਪਾਰਟੀਆਂ ਤੋਂ ਨਫ਼ਰਤ ਕਰਦੇ ਹਨ। ਲੋਕਾਂ ਵਿੱਚ ਇਨ੍ਹਾਂ ਲੋਕਾਂ ਪ੍ਰਤਿ ਰੋਸ ਹੈ।

 

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਲੋਕ ਜਾਣਦੇ ਹਨ ਕਿ ਮੈਂ ਝੂਠ ਨਹੀਂ ਬੋਲਦਾ। ਲੋਕ ਇਸ ਵਿੱਚ ਵਿਸ਼ਵਾਸ ਕਰਦੇ ਹਨ। ਸਾਡੀ ਪਾਰਟੀ ਚੰਗੇ ਸਕੂਲ ਬਣਾਏਗੀ। ਕਾਂਗਰਸ ਅਤੇ ਅਕਾਲੀ ਦਲ ਨੇ ਕੁਝ ਨਹੀਂ ਕੀਤਾ। ਕਾਂਗਰਸ ਨੇ 27 ਸਾਲ ਅਤੇ ਬਾਦਲਾਂ ਨੇ 19 ਸਾਲ ਰਾਜ ਕੀਤਾ। ਇਸ ਤੋਂ ਬਾਅਦ ਵੀ ਇਨ੍ਹਾਂ ਲੋਕਾਂ ਨੇ ਗਰੀਬਾਂ ਦੇ ਬੱਚਿਆਂ ਲਈ ਚੰਗੇ ਸਰਕਾਰੀ ਸਕੂਲ ਨਹੀਂ ਬਣਵਾਏ, ਅਸੀਂ ਦਿੱਲੀ ਵਿੱਚ ਬਣਾਏ ਹਨ। ਉਨ੍ਹਾਂ ਨੇ ਚੰਗੇ ਹਸਪਤਾਲ ਨਹੀਂ ਬਣਾਏ ਹਨ, ਅਸੀਂ ਚੰਗਾ ਅਤੇ ਮੁਫਤ ਇਲਾਜ ਦੇਵਾਂਗੇ। ਅਸੀਂ ਉਨ੍ਹਾਂ ਦੇ ਘਰ ਦੀਆਂ ਔਰਤਾਂ ਨੂੰ ਹਰ ਮਹੀਨੇ ਹਜ਼ਾਰ -ਹਜ਼ਾਰ ਰੁਪਏ ਦੇਵਾਂਗੇ। ਸਾਡੀ ਪਾਰਟੀ 24 ਘੰਟੇ ਮੁਫਤ ਬਿਜਲੀ ਦੇਵੇਗੀ।

 

ਪੀਐਮ ਮੋਦੀ ਦੇ ਆਰੋਪਾਂ ਦਾ ਦਿੱਤਾ ਜਵਾਬ 

ਪੀਐਮ ਮੋਦੀ ਦੇ ਹਮਲਿਆਂ 'ਤੇ ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਕੇਜਰੀਵਾਲ ਨੇ ਕਿਹਾ, ''ਪਿਛਲੇ ਕੁਝ ਦਿਨਾਂ ਤੋਂ ਸਾਰੀਆਂ ਪਾਰਟੀਆਂ 'ਆਪ' ਨੂੰ ਨਿਸ਼ਾਨਾ ਬਣਾ ਰਹੀਆਂ ਹਨ। ਸਾਰੇ ਇਕੱਠੇ ਹੋ ਗਏ ਹਨ। ਸਿਰਫ਼ ਮੈਨੂੰ ਅਤੇ ਭਗਵੰਤ ਮਾਨ ਨੂੰ ਗਾਲ੍ਹਾਂ ਕੱਢਦੇ ਹਨ। ਸੁਖਬੀਰ ਬਾਦਲ ਇੱਕ ਵਾਰ ਵੀ ਚਰਨਜੀਤ ਚੰਨੀ ਦਾ ਨਾਂ ਨਹੀਂ ਲੈਂਦਾ ਅਤੇ ਨਾ ਹੀ ਚਰਨਜੀਤ ਚੰਨੀ ਸੁਖਬੀਰ ਬਾਦਲ ਦਾ ਨਾਂ ਲੈਂਦਾ। ਪ੍ਰਿਅੰਕਾ ਗਾਂਧੀ ਆਉਂਦੀ ਹੈ, ਅਮਿਤ ਸ਼ਾਹ ਆ ਜਾਂਦੇ ਹਨ, ਪੀਐਮ ਮੋਦੀ ਆਉਂਦੇ ਹਨ, ਸਾਰੇ ਮੈਨੂੰ ਗਾਲ੍ਹਾਂ ਕੱਢਦੇ ਹਨ। ਅਸੀਂ ਕੀ ਗਲਤ ਕੀਤਾ ਹੈ?"

 

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਨੇ ਬੁੱਧਵਾਰ ਨੂੰ ਪਠਾਨਕੋਟ ਰੈਲੀ 'ਚ ਕਾਂਗਰਸ ਅਤੇ 'ਆਪ' 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਸੀ, 'ਇਕ ਨੇ ਪੰਜਾਬ ਨੂੰ ਲੁੱਟਿਆ ਅਤੇ ਦੂਜਾ ਦਿੱਲੀ 'ਚ ਇਕ ਤੋਂ ਬਾਅਦ ਇਕ ਘੁਟਾਲੇ ਕਰ ਰਹੇ ਹਨ। ਦੋਵੇਂ ਇੱਕੋ ਥਾਲੀ ਦੇ ਚੱਟੇ -ਵੱਟੇ ਹੋਣ ਦੇ ਬਾਵਜੂਦ ਹੁਣ ਇਹ ਦੋਵੇਂ ਧਿਰਾਂ ਮਿਲ ਕੇ ਨੂਰਾ-ਕੁਸ਼ਤੀ ਕਰ ਰਹੇ ਹਨ। ਸੱਚ ਤਾਂ ਇਹ ਹੈ ਕਿ ਜੇਕਰ ਕਾਂਗਰਸ ਅਸਲੀ ਹੈ ਤਾਂ ਦੂਜੀ ਪਾਰਟੀ ਇਸ ਦੀ ਫੋਟੋਕਾਪੀ ਹੈ।


 

ਰਾਹੁਲ ਗਾਂਧੀ ਦੇ ਦੋਸ਼ਾਂ 'ਤੇ ਕੀ ਬੋਲੇ ਕੇਜਰੀਵਾਲ?


ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਦੋਸ਼ਾਂ 'ਤੇ ਅਰਵਿੰਦ ਕੇਜਰੀਵਾਲ ਨੇ ਵੀ ਪਲਟਵਾਰ ਕੀਤਾ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਮੈਨੂੰ ਅੱਤਵਾਦੀ ਕਹਿੰਦੇ ਹਨ, ਚੰਨੀ ਕਾਲਾ ਕਹਿੰਦੇ ਹਨ। ਸਿੱਧੂ ਮੈਨੂੰ ਬਾਂਦਰ ਕਹਿੰਦਾ ਹੈ। ਕੀ ਇਸ ਨਾਲ ਦੇਸ਼ ਨੂੰ ਫਾਇਦਾ ਹੋਵੇਗਾ? ਪੰਜ ਸਾਲ ਸਰਕਾਰ ਚਲਾਉਣ ਤੋਂ ਬਾਅਦ ਜੇਕਰ ਰਾਹੁਲ ਗਾਂਧੀ - ਚਰਨਜੀਤ ਚੰਨੀ ਨੂੰ ਗਲੀ ਗਲੋਚ ਕਰਨੀ ਪਵੇ ਤਾਂ ਉਹ ਮੰਨ ਰਹੇ ਹਨ ਕਿ ਉਨ੍ਹਾਂ ਨੇ ਪੰਜ ਸਾਲਾਂ ਵਿੱਚ ਕੋਈ ਕੰਮ ਨਹੀਂ ਕੀਤਾ। ਮੈਂ ਗਾਲ੍ਹਾਂ ਦਾ ਜਵਾਬ ਗਾਲ੍ਹਾਂ ਨਾਲ ਨਹੀਂ ਦਿਆਂਗਾ। ਜੇਕਰ ਮੈਂ ਅੱਤਵਾਦੀ ਹਾਂ ਤਾਂ ਮੈਨੂੰ ਜੇਲ੍ਹ ਭੇਜ ਦਿਓ।

 

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਪੰਜਾਬ 'ਚ ਕਿਹਾ ਕਿ 'ਆਪ' ਨੇਤਾ ਤੁਹਾਨੂੰ ਅੱਤਵਾਦੀ ਦੇ ਘਰ ਮਿਲ ਸਕਦੇ ਹਨ ਪਰ ਕਾਂਗਰਸ ਨੇਤਾ ਤੁਹਾਨੂੰ ਅੱਤਵਾਦੀ ਦੇ ਘਰ ਕਦੇ ਨਹੀਂ ਮਿਲ ਸਕਦੇ। ਪੰਜਾਬ ਦੇ ਦਲਿਤ ਵੋਟਰਾਂ ਬਾਰੇ 'ਏਬੀਪੀ ਨਿਊਜ਼' ਨਾਲ ਖਾਸ ਗੱਲਬਾਤ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਬਾਬਾ ਸਾਹਿਬ ਅੰਬੇਡਕਰ ਦੇ ਸੁਪਨੇ ਨੂੰ ਪੂਰਾ ਕਰ ਰਹੇ ਹਾਂ। ਲੋਕ ਚਰਨਜੀਤ ਸਿੰਘ ਚੰਨੀ ਨੂੰ ਪੁੱਛ ਰਹੇ ਹਨ ਕਿ ਤੁਸੀਂ ਕੀ ਕੀਤਾ? ਦਲਿਤ ਉਸ ਤੋਂ ਨਾਰਾਜ਼ ਹਨ।
 

 ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਪੂਰੀ ਰਾਜਨੀਤੀ ਕੀਤੀ ਜਾ ਰਹੀ ਹੈ। ਦੋਵਾਂ ਪਾਸਿਆਂ ਤੋਂ ਹੋ ਰਹੀ ਹੈ। ਇਸ 'ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਸੱਤ ਸਾਲਾਂ ਤੋਂ ਦਿੱਲੀ ਵਿੱਚ ਸਾਡੀ ਸਰਕਾਰ ਚੱਲ ਰਹੀ ਹੈ। ਕੇਂਦਰ ਸਰਕਾਰ ਸਾਨੂੰ ਵੱਖ-ਵੱਖ ਤਰੀਕਿਆਂ ਨਾਲ ਪਰੇਸ਼ਾਨ ਕਰਦੀ ਹੈ ਪਰ ਜਦੋਂ ਲੋਕਾਂ ਦੀ ਗੱਲ ਆਉਂਦੀ ਹੈ, ਅਸੀਂ ਕੇਂਦਰ ਸਰਕਾਰ ਨਾਲ ਮਿਲ ਕੇ ਕੰਮ ਕਰਦੇ ਹਾਂ। ਮੈਂ ਹਰ ਵਾਰ ਕੋਰੋਨਾ ਦੇ ਸਮੇਂ ਕਿਹਾ ਸੀ ਕਿ ਕੇਂਦਰ ਦੀ ਮਦਦ ਨਾਲ ਕੰਮ ਹੋ ਰਿਹਾ ਹੈ। ਜੇਕਰ ਪੰਜਾਬ ਲਈ ਕੇਂਦਰ ਸਰਕਾਰ ਅੱਗੇ ਝੁਕਣਾ ਪਿਆ ਤਾਂ ਵੀ ਸਿਰ ਝੁਕਾਵਾਂਗੇ। ਅਸੀਂ ਅੰਦਰੂਨੀ ਸੁਰੱਖਿਆ ਨੂੰ ਲੈ ਕੇ ਕੇਂਦਰ ਨਾਲ ਚੱਲਾਂਗੇ।

 

ਉਨ੍ਹਾਂ ਕਿਹਾ ਕਿ ਨਸ਼ਾ ਸਰਹੱਦ ਪਾਰੋਂ ਆਉਂਦਾ ਹੈ। ਬੰਬ ਅਤੇ ਅੱਤਵਾਦੀ ਆਉਂਦੇ ਹਨ। ਇਸ ਵਿੱਚ ਕਈ ਅਧਿਕਾਰੀ ਮਿਲੇ ਰਹਿੰਦੇ ਹਨ। ਇਸ ਲਈ ਸੂਬੇ ਵਿੱਚ ਇਮਾਨਦਾਰ ਸਰਕਾਰ ਦੀ ਲੋੜ ਹੈ। ਅਸੀਂ ਚੰਗੀ ਤਰ੍ਹਾਂ ਕੰਮ ਕਰ ਸਕਦੇ ਹਾਂ। 'ਆਪ' ਕਨਵੀਨਰ ਨੇ ਕਿਹਾ ਕਿ ਪੰਜਾਬ 'ਚ ਸਰਕਾਰ ਬਣਦੇ ਹੀ ਨਸ਼ਿਆਂ 'ਤੇ ਵਾਰ ਹੋਵੇਗਾ। ਇਸ ਵਿੱਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਕੋਈ ਕਿੰਨਾ ਵੀ ਵੱਡਾ ਨੇਤਾ ਜਾਂ ਸਪਲਾਇਰ ਕਿਉਂ ਨਾ ਹੋਵੇ, ਹਰ ਕਿਸੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ। 

 

ਦੱਸ ਦੇਈਏ ਕਿ ਪੰਜਾਬ ਵਿੱਚ 20 ਫਰਵਰੀ ਨੂੰ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ। ਇਹ ਚੋਣ ਮੁੱਖ ਤੌਰ 'ਤੇ ਕਾਂਗਰਸ, 'ਆਪ', ਅਕਾਲੀ ਦਲ ਅਤੇ ਭਾਜਪਾ ਗਠਜੋੜ ਵਿਚਾਲੇ ਹੀ ਹੈ।