Punjab Assembly Election 2022: ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਿਸਮਤ ਅਜ਼ਮਾਉਣ ਵਾਲੀਆਂ ਸਿਆਸੀ ਪਾਰਟੀਆਂ ਦੀ ਕਿਸਮਤ ਈਵੀਐਮ ਵਿੱਚ ਕੈਦ ਹੋ ਗਈ ਹੈ। ਵੋਟਾਂ ਤੋਂ ਬਾਅਦ ਵੀ ਸਿਆਸੀ ਪਾਰਟੀਆਂ ਇੱਕ-ਦੂਜੇ 'ਤੇ ਹਮਲੇ ਕਰਨ ਤੋਂ ਨਹੀਂ ਹਟ ਰਹੀਆਂ। ਕਾਂਗਰਸ ਦੇ ਸੀਐਮ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਆਮ ਆਦਮੀ ਪਾਰਟੀ 'ਤੇ ਹਮਲਾ ਬੋਲਿਆ ਹੈ। ਚੰਨੀ ਦਾ ਕਹਿਣਾ ਹੈ ਕਿ ਜੇਕਰ 'ਆਪ' ਦੀ ਸਰਕਾਰ ਬਣੀ ਤਾਂ ਪੰਜਾਬ ਦਾ ਨੁਕਸਾਨ ਹੋਵੇਗਾ।
ਚਰਨਜੀਤ ਸਿੰਘ ਚੰਨੀ ਭਦੌੜ ਤੇ ਚਮਕੌਰ ਸਾਹਿਬ ਵਿਧਾਨ ਸਭਾ ਸੀਟਾਂ ਤੋਂ ਚੋਣ ਲੜ ਰਹੇ ਹਨ। ਚੰਨੀ ਨੇ ਦੋਵਾਂ ਹਲਕਿਆਂ ਤੋਂ ਜਿੱਤ ਦਾ ਦਾਅਵਾ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਮੈਂ ਦੋਵਾਂ ਖੇਤਰਾਂ ਤੋਂ ਚੋਣਾਂ ਜਿੱਤ ਰਿਹਾ ਹਾਂ। ਮੈਂ ਭਦੌੜ ਤੇ ਚਮਕੌਰ ਸਾਹਿਬ ਵਿੱਚ ਚੰਗੀ ਚੋਣ ਲੜੀ ਹੈ।
ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਸਾਧਦੇ ਹੋਏ ਚੰਨੀ ਨੇ ਕਿਹਾ, 'ਆਮ ਆਦਮੀ ਪਾਰਟੀ ਦਾ ਕਨਵੀਨਰ ਅਰਵਿੰਦ ਕੇਜਰੀਵਾਲ ਝੂਠਾ ਹੈ। ਕੇਜਰੀਵਾਲ ਵੱਡੇ-ਵੱਡੇ ਝੂਠ ਬੋਲਦੇ ਹਨ ਤੇ ਬਾਅਦ ਵਿੱਚ ਬਿਆਨ ਬਦਲ ਲੈਂਦੇ ਹਨ। ਕੇਜਰੀਵਾਲ ਆਪਣੇ ਬਿਆਨਾਂ ਲਈ ਮੁਆਫੀ ਵੀ ਮੰਗ ਰਹੇ ਹਨ।
ਚੰਨੀ ਨੇ ਕੀਤਾ ਆਪ 'ਤੇ ਹਮਲਾ
ਚਰਨਜੀਤ ਸਿੰਘ ਚੰਨੀ ਨੇ ਦਾਅਵਾ ਕੀਤਾ ਹੈ ਕਿ ‘ਆਪ’ ਦੇ ਆਉਣ ਨਾਲ ਕੋਈ ਬਦਲਾਅ ਨਹੀਂ ਹੋਵੇਗਾ। ਚੰਨੀ ਨੇ ਕਿਹਾ, ''ਜੇਕਰ ਕਾਂਗਰਸ ਦੀ ਥਾਂ 'ਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਜਾਂਦੀ ਹੈ ਤਾਂ ਪੰਜਾਬ 'ਚ ਕੋਈ ਬਦਲਾਅ ਨਹੀਂ ਆਵੇਗਾ। ਆਮ ਆਦਮੀ ਪਾਰਟੀ ਵਿੱਚ ਅਜਿਹੇ ਲੋਕ ਵੀ ਹਨ ਜਿਨ੍ਹਾਂ ਨੂੰ ਦੂਜੀਆਂ ਪਾਰਟੀਆਂ ਤੋਂ ਟਿਕਟਾਂ ਨਹੀਂ ਮਿਲੀਆਂ। ਉਨ੍ਹਾਂ ਦੀ ਕੋਈ ਵਿਚਾਰਧਾਰਾ ਨਹੀਂ।
ਦੱਸ ਦੇਈਏ ਕਿ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ 'ਤੇ ਐਤਵਾਰ ਨੂੰ ਵੋਟਾਂ ਪਈਆਂ। ਪਿਛਲੀਆਂ ਚੋਣਾਂ ਦੇ ਮੁਕਾਬਲੇ ਪੰਜਾਬ ਵਿੱਚ ਘੱਟ ਮਤਦਾਨ ਹੋਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ 10 ਮਾਰਚ ਨੂੰ ਐਲਾਨੇ ਜਾਣਗੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin