Punjab Election Results: ਵਿਧਾਨ ਸਭਾ ਚੋਣਾਂ ਵਿੱਚ ਹਾਰ ਮਗਰੋਂ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਅੱਜ ਮੀਡੀਆ ਨਾਲ ਮੁਖਾਤਬ ਹੋਏ। ਉਨ੍ਹਾਂ ਕਿਹਾ ਕਿ ਮੈਂ ਕ੍ਰਿਕੇਟ ਖੇਡਦਾ ਸੀ, ਕਦੇ ਸੈਂਕੜਾ ਲੱਗ ਜਾਂਦਾ ਸੀ ਤੇ ਕਦੇ ਜ਼ੀਰੋ 'ਤੇ ਆਊਟ ਹੋ ਜਾਂਦਾ ਸੀ। ਹਾਰ ਜਿੱਤ ਦਾ ਤਾਂ ਕੋਈ ਮਸਲਾ ਹੀ ਨਹੀਂ। ਬੱਸ ਗੱਲ ਪੰਜਾਬ ਦੀ ਹੋਣੀ ਚਾਹੀਦੀ ਹੈ।

 
ਸਿੱਧੂ ਨੇ ਕਿਹਾ ਕਿ ਇਹ ਹਾਈਕਮਾਂਡ ਦਾ ਫੈਸਲਾ ਸੀ ਜਿਸ ਦਾ ਮੈਂ ਸਤਿਕਾਰ ਕਰਦਾ ਸੀ। ਸਿੱਧੂ ਅੱਜ ਪੂਰਬੀ ਵਿਧਾਨ ਸਭਾ ਹਲਕੇ ਦੇ ਵਾਰਡ ਨੰਬਰ 20 ਦੇ ਕਾਂਗਰਸੀ ਪ੍ਰਧਾਨ ਦੇ ਘਰ ਪੁੱਜੇ। ਉਨ੍ਹਾਂ ਨੇ ਵਰਕਰਾਂ ਨਾਲ ਬੰਦ ਕਮਰਾ ਮੀਟਿੰਗ ਕਰਕੇ ਸਾਰਿਆਂ ਦਾ ਧੰਨਵਾਦ ਕੀਤਾ।

ਉਂਝ ਸਿੱਧੂ ਨੇ ਅਸਿੱਧੇ ਢੰਗ ਨਾਲ ਹਾਰ ਲਈ ਚੰਨੀ ਨੂੰ ਹੀ ਜਿੰਮੇਵਾਰ ਦੱਸਿਆ। ਆਪਣੇ ਹਲਕੇ ਤੋਂ ਬਾਹਰ ਪ੍ਰਚਾਰ ਨਾ ਕਰਨ ਬਾਰੇ ਸਿੱਧੂ ਨੇ ਕਿਹਾ ਪ੍ਰਚਾਰ ਦੀ ਜਿੰਮੇਵਾਰੀ ਮੇਰੀ ਨਹੀਂ ਸੀ, ਚੰਨੀ ਦੀ ਸੀ। ਸਿੱਧੂ ਨੇ ਕਿਹਾ ਕਿ ਜਿੱਤ-ਹਾਰ ਨਾਲ ਕੋਈ ਫਰਕ ਨਹੀਂ, ਉਹ ਸਪੋਟਸਮੈਨ ਹਾਂ। ਲੋਕਾਂ ਨੇ ਆਪ ਨੂੰ ਪੂਰਨ ਫਤਵਾ ਦਿੱਤਾ ਹੈ ਤੇ ਲੋਕਾਂ ਦੇ ਫਤਵੇ ਦਾ ਸਤਿਕਾਰ ਹੋਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਜਦ ਚਰਨਜੀਤ ਚੰਨੀ ਨੂੰ ਰਾਹੁਲ ਗਾਂਧੀ ਨੇ ਮੁੱਖ ਮੰਤਰੀ ਅਹੁਦੇ ਲਈ ਚੁਣਿਆ ਸੀ ਤਾਂ ਮੈਂ ਉਸ ਦਾ ਹੱਥ ਫੜ ਕੇ ਕਹਿ ਦਿੱਤਾ ਸੀ ਕਿ ਹੁਣ ਜਿੰਮੇਵਾਰੀ ਤੇਰੀ ਹੈ। ਮੈਂ ਚੰਨੀ ਦਾ ਅਖੀਰ ਤਕ ਸਹਿਯੋਗ ਕੀਤਾ ਤੇ ਚੰਨੀ ਮੇਰੇ ਹਲਕੇ 'ਚ ਵੀ ਆਏ। ਚੰਨੀ ਨੂੰ ਅੱਗੇ ਲਾਉਣ ਦੇ ਫੈਸਲੇ ਨੂੰ ਲੋਕਾਂ ਨੇ ਮੰਨਿਆ ਜਾਂ ਨਹੀ ਮੰਨਿਆ, ਮੈਂ ਇਸ ਦੀ ਡੂੰਘਾਈ ਵਿੱਚ ਨਹੀਂ ਜਾਣਾ।