ਮੁੰਬਈ: ਬਾਲੀਵੁੱਡ ਦੀ ਗਲੀਆਂ ‘ਚ ਅੱਜ ਕੱਲ੍ਹ ਅਭਿਸ਼ੇਕ ਬੱਚਨ ਦੇ ਕਾਫੀ ਚਰਚੇ ਹੋ ਰਹੇ ਹਨ, ਜਿਸ ਦਾ ਕਾਰਨ ਹੈ ਲੰਮੇ ਅਰਸੇ ਬਾਅਦ ਅਭਿਸ਼ੇਕ ਦਾ ਕਿਸੇ ਫ਼ਿਲਮ ‘ਚ ਨਜ਼ਰ ਆਉਣਾ। ਅਭਿਸ਼ੇਕ ਦੀ ਅਨੁਰਾਗ ਕਸ਼ਿਅਪ ਦੀ ਨਿਰਦੇਸ਼ਨਾ 'ਚ ਬਣੀ ਫ਼ਿਲਮ ‘ਮਨਮਜ਼ੀਆਂ’ ਰਿਲੀਜ਼ ਹੋਣ ਵਾਲੀ ਹੈ। ਇਸ ਫ਼ਿਲਮ ‘ਚ ਅਭਿਸ਼ੇਕ ਦੇ ਨਾਲ ਤਾਪਸੀ ਪਨੂੰ ਅਤੇ ਵਿੱਕੀ ਕੌਸ਼ਲ ਵੀ ਨਜ਼ਰ ਆਉਣਗੇ।



ਜਦੋਂ ‘ਮਨਮਰਜ਼ੀਆਂ’ ਦੀ ਸ਼ੂਟਿੰਗ ਹੋ ਰਹੀ ਸੀ ਉਦੋਂ ਹੀ ਅਭਿਸ਼ੇਕ ਨੇ ਐਲਾਨ ਕਰ ਦਿੱਤਾ ਸੀ ਕਿ ਉਹ ਹੁਣ ਉਹੀ ਫ਼ਿਲਮਾਂ ਕਰਨਗੇ ਜਿਸ ਦੀ ਕਹਾਣੀ ਉਨ੍ਹਾਂ ਨੂੰ ਪਸੰਦ ਆਵੇਗੀ, ਜੇਕਰ ਕਿਸੇ ਫ਼ਿਲਮ ਦੀ ਕਹਾਣੀ ਉਨ੍ਹਾਂ ਨੂੰ ਦਿਲਚਸਪ ਨਹੀਂ ਲੱਗੇਗੀ ਤਾਂ ਉਹ ਫ਼ਿਲਮ ਨਹੀਂ ਕਰਗੇ ਫਿਰ ਭਾਵੇਂ ਫ਼ਿਲਮ ‘ਚ ਉਨ੍ਹਾਂ ਦਾ ਰੋਲ ਕਿਸੇ ਵੀ ਤਰ੍ਹਾਂ ਦਾ ਕਿਉਂ ਨਾ ਹੋਵੇ।

ਹੁਣ ਖ਼ਬਰਾਂ ਨੇ ਕਿ ਅਭਿਸ਼ੇਕ ਬੱਚਨ ਨੇ ਹੁਣ ਅਨੁਰਾਗ ਬਸੁ ਦੀ ਵੀ ਇੱਕ ਫ਼ਿਲਮ ਨੂੰ ਹਾਂ ਕਰ ਦਿੱਤੀ ਹੈ। ਅਨੁਰਾਗ ਬਸੁ ਜਲਦੀ ਹੀ ਆਪਣੀ 2007 ਦੀ ਹਿੱਟ ਫ਼ਿਲਮ ‘ਲਾਈਫ ਇੰਨ ਏ ਮੈਟ੍ਰੋ’ ਦੀ ਸ਼ੂਟਿੰਗ ਕਰਨ ਵਾਲੇ ਹਨ। ਇਸ ’ਚ ਉਹ 4 ਵੱਖ-ਵੱਖ ਕਹਾਣੀਆਂ ਨੂੰ ਦਰਸ਼ਕਾਂ ਅੱਗੇ ਪੇਸ਼ ਕਰਨਗੇ। ਜਿਸ ਦੀ ਇੱਕ ਕਹਾਣੀ ‘ਚ ਅਭਿਸ਼ੇਕ ਬੱਚਨ ਅਤੇ ਦੂਜੀ ਕਹਾਣੀ ‘ਚ ਕੰਗਨਾ ਰਨੌਤ ਦੇ ਨਾਲ ਰਾਜਕੁਮਾਰ ਰਾਓ ਨਜ਼ਰ ਆਉਣਗੇ।



ਖ਼ਬਰਾਂ ਨੇ ਕਿ ਅਨੁਰਾਗ ਆਪਣੇ ਫੇਵਰੇਟ ਐਕਟਰਾਂ ਤੋਂ ਬ੍ਰੇਕ ਲੈ ਰਹੇ ਹਨ। ਪਹਿਲਾਂ ਇਸ ਫ਼ਿਲਮ ਲਈ ਰਣਬੀਰ ਕਪੂਰ ਦਾ ਨਾਂਅ ਸਾਹਮਣੇ ਆਇਆ ਸੀ ਪਰ ਅਨੁਰਾਗ ਅਤੇ ਰਣਬੀਰ ਦੀ ਫ਼ਿਲਮ ‘ਜੱਗਾ ਜਾਸੂਸ’ ਬਾਕਸਆਫਿਸ ‘ਤੇ ਫਲਾਪ ਹੋਈ ਸੀ ਜਿਸ ਕਾਰਨ ਹਰ ਇੰਟਰਵਿਊ ‘ਚ ਰਿਸ਼ੀ ਕਪੂਰ ਨੇ ਅਨੁਰਾਗ ਨੂੰ ਕਾਫੀ ਗੱਲਾਂ ਸੁਣਾਈਆਂ ਸਨ।



ਇਸੇ ਨਾਰਾਜ਼ਗੀ ਦੇ ਚਲਦਿਆਂ ਹੀ ਅਨੁਰਾਗ ਨੇ ਆਪਣੀ ਨਵੀਂ ਫ਼ਿਲਮ ‘ਚ ਰਣਬੀਰ ਕਪੂਰ ਨੂੰ ਨਾ ਸ਼ਾਮਲ ਕਰਨ ਦਾ ਮਨ ਬਣਾਇਆ ਹੈ। ਉਂਝ ਲੋਕਾਂ ਨੂੰ ਰਣਬੀਰ ਅਤੇ ਅਨੁਰਾਗ ਦੀ ਜੋੜੀ ਕਾਫੀ ਪਸੰਦ ਹੈ ਪਰ ਫੈਨਸ ਨੂੰ ਇਸ ਜੋੜੀ ਨੂੰ ਇੱਕ ਪ੍ਰੋਜੈਕਟ ‘ਤੇ ਕੰਮ ਕਰਦੇ ਦੇਖਣ ਲਈ ਕਾਫੀ ਲੰਬਾ ਇੰਤਜ਼ਾਰ ਕਰਨਾ ਪੈ ਸਕਦਾ ਹੈ।