ਮੁੰਬਈ: ਅਮਿਤਾਭ ਬੱਚਨ ਤੇ ਐਸ਼ਵਰਿਆ ਰਾਏ ਬੱਚਨ ਦੇ ਫੈਨਸ ਲਈ ਜ਼ਬਰਦਸਤ ਖ਼ਬਰ ਹੈ ਕਿ ਦੋਵੇਂ ਜਲਦੀ ਹੀ ਇੱਕ ਪ੍ਰੋਜੈਕਟ ‘ਚ ਨਜ਼ਰ ਆ ਸਕਦੇ ਹਨ। ਜੀ ਹਾਂ ਖ਼ਬਰਾਂ ਨੇ ਕਿ ਦੋਵਾਂ ਨੂੰ ਫ਼ਿਲਮ ਮੇਕਰ ਮਣੀਰਤਨਮ ਨੇ ਆਪਣੇ ਅਗਲੇ ਪ੍ਰੋਜੈਕਟ ਲਈ ਅਪ੍ਰੋਚ ਕੀਤਾ ਹੈ। ਇਸ ਤੋਂ ਪਹਿਲਾਂ ਬਿੱਗ ਬੀ ਤੇ ਐਸ਼ ਨੂੰ 11 ਸਾਲ ਪਹਿਲਾਂ ਇਕੱਠੇ ਫ਼ਿਲਮ 'ਸਰਕਾਰ' ‘ਚ ਦੇਖਿਆ ਗਿਆ ਸੀ।
ਰਿਪੋਰਟਾਂ ਮੁਤਾਬਕ ਐਸ਼ ਨੇ ਤਾਂ ਫ਼ਿਲਮ ਨੂੰ ਡੇਟਸ ਵੀ ਦੇ ਦਿੱਤੀਆਂ ਹਨ ਪਰ ਅਮਿਤਾਭ ਵੱਲੋਂ ਅਜੇ ਹਾਂ ਹੋਣੀ ਬਾਕੀ ਹੈ। ਮਣੀਰਤਨਮ ਦੀ ਇਹ ਫ਼ਿਲਮ ਇਤਿਹਾਸਕ ਫ਼ਿਲਮ ਹੋਵੇਗੀ ਜਿਸ ਨੂੰ ‘ਬਾਹੁਬਲੀ’ ਦੀ ਤਰ੍ਹਾਂ ਵੱਡੇ ਪੱਧਰ ‘ਤੇ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਫ਼ਿਲਮ ‘ਚ ਸਾਊਥ ਦੇ ਕਈ ਸਟਾਰਸ ਵੀ ਹੋਣਗੇ।
ਇਸ ਫ਼ਿਲਮ ਨੂੰ ਵੱਖ-ਵੱਖ ਕਈ ਭਾਸ਼ਾਵਾਂ ‘ਚ ਰਿਲੀਜ਼ ਕੀਤਾ ਜਾਵੇਗਾ। ਫ਼ਿਲਮ ਨੂੰ ਵੀ ਕਈ ਪਾਰਟਸ ‘ਚ ਬਣਾਇਆ ਜਾਵੇਗਾ। ਖ਼ਬਰਾਂ ਤਾਂ ਇਹ ਵੀ ਨੇ ਕਿ ਫ਼ਿਲਮ ਦਾ ਐਲਾਨ 14 ਜਨਵਰੀ ਨੂੰ ਹੋ ਸਕਦਾ ਹੈ। ਫਿਲਹਾਲ ਅਮਿਤਾਭ, ਆਲਿਆ-ਰਣਬੀਰ ਦੇ ਨਾਲ ਫ਼ਿਲਮ ‘ਬ੍ਰਹਮਾਸਤਰ’ ਤੇ ਤਾਪਸੀ ਦੇ ਨਾਲ ਫ਼ਿਲਮ ‘ਬਦਲਾ’ ‘ਚ ਰੁੱਝੇ ਹੋਏ ਹਨ।