ਮੁੰਬਈ: ਬਾਲਵੁੱਡ ਦੀ ਖੂਬਸੂਰਤ ਹਸੀਨ ਅਦਾਕਰਾ ਐਸ਼ਵਰਿਆ ਰਾਏ ਬੱਚਨ ਅੱਜ ਆਪਣਾ 45 ਜਨਮ ਦਿਨ ਮਨਾ ਰਹੀ ਹੈ। ਐਸ਼ ਆਪਣਾ ਜਨਮ ਦਿਨ ਮਾਂ ਵਰਿੰਦਾ ਰਾਏ, ਪਤੀ ਅਭਿਸ਼ੇਕ ਬੱਚਨ, ਧੀ ਅਰਾਧੀਆ ਬੱਚਨ ਤੇ ਬਾਕੀ ਪਰਿਵਾਰ ਨਾਲ ਮਨਾ ਰਹੀ ਹੈ। ਇਸ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਐਸ਼ਵਰਿਆ ਨੇ ਖੁਦ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀਆਂ ਹਨ।


ਬਰਥਡੇਅ ਸੈਲੀਬ੍ਰੇਸ਼ਨ ‘ਚ ਐਸ਼ਵਰਿਆ ਆਪਣੇ ਪਰਿਵਾਰ ਨਾਲ ਕਾਫੀ ਖੁਸ਼ ਨਜ਼ਰ ਆ ਰਹੀ ਹੈ। ਉਸ ਦੇ ਜਨਮ ਦਿਨ ਪਾਰਟੀ ਦੀਆਂ ਅਜੇ ਤਿੰਨ ਤਸਵੀਰਾਂ ਹੀ ਸਾਹਮਣੇ ਆਈਆਂ ਹਨ ਜਿਨ੍ਹਾਂ ‘ਚ ਪਹਿਲੀ ਤਸਵੀਰ ‘ਚ ਉਹ ਬਰਥਡੇ ਕੇਕ ਤੇ ਫੈਮਿਲੀ ਨਾਲ ਹੈ। ਦੂਜੀ ਤਸਵੀਰ ‘ਚ ਉਹ ਆਪਣੀ ਮਾਂ ਵਰਿੰਦਾ ਰਾਏ ਨਾਲ ਨਜ਼ਰ ਆ ਰਹੀ ਹੈ। ਜਦੋਂਕਿ ਤੀਜੀ ਫੋਟੋ ‘ਚ ਐਸ਼ ਆਪਣੇ ਪਤੀ ਅਭਿਸ਼ੇਕ ਤੇ ਧੀ ਅਰਾਧਿਆ ਬੱਚਨ ਨਾਲ ਦਿਖ ਰਹੀ ਹੈ।


ਇੱਕ ਨਵੰਬਰ, 1973 ਨੂੰ ਕਰਨਾਟਕ ‘ਚ ਜਨਮੀ ਐਸ਼ਵਰਿਆ ਰਾਏ 1994 ‘ਚ ਮਿਸ ਵਰਲਡ ਦਾ ਖਿਤਾਬ ਵੀ ਜਿੱਤ ਚੁੱਕੀ ਹੈ। 45 ਸਾਲ ਦੀ ਐਸ਼ ਅੱਜ ਵੀ ਫ਼ਿਲਮਾਂ ‘ਚ ਐਕਟਿਵ ਹੈ। ਉਸ ਨੇ ਆਪਣੇ ਪਤੀ ਅਭਿਸ਼ੇਕ ਨਾਲ ਵੀ ਕੁਝ ਫ਼ਿਲਮਾਂ ‘ਚ ਕੰਮ ਕੀਤਾ ਹੈ ਤੇ ਜਲਦੀ ਹੀ ਦੋਨਾਂ ਦੀ ਜੋੜੀ ਇੱਕ ਵਾਰ ਫੇਰ ਫ਼ਿਲਮ ‘ਗੁਲਾਬ ਜਾਮੁਨ’ ‘ਚ ਨਜ਼ਰ ਆ ਸਕਦੀ ਹੈ।


ਐਸ਼ਵਰਿਆ ਨੂੰ ਦੋ ਵਾਰ ਫ਼ਿਲਮਫੇਅਰ ਐਵਾਰਡ ਵੀ ਮਿਲ ਚੁੱਕਿਆ ਹੈ। ਇਸ ਤੋਂ ਇਲਾਵਾ ਉਸ ਨੂੰ ਫ੍ਰਾਂਸ ਸਰਕਾਰ ਨੇ 2012 ‘ਚ ਸਨਮਾਨਿਤ ਕੀਤਾ ਸੀ। ਭਾਰਤ ਸਰਕਾਰ ਉਸ ਨੂੰ 2009 ‘ਚ ਪਦਮਸ਼੍ਰੀ ਨਾਲ ਸਨਮਾਨਿਤ ਕਰ ਚੁੱਕੀ ਹੈ।