ਮੁਬੰਈ: ਕੁਨਾਲ ਕਾਮਰਾ ਤੇ ਏਅਰਲਾਈਨ ਕੰਪਨੀ ਇੰਡੀਗੋ ਵੱਲੋਂ ਲਾਏ ਗਏ ਬੈਨ ਦਾ ਵਿਰੋਧ ਕਰਦੇ ਫ਼ਿਲਮ ਨਿਰਮਾਤਾ ਅਨੁਰਾਗ ਕਸ਼ਯਪ ਨੇ ਇੰਡੀਗੋ ਦਾ ਬਾਈਕਾਟ ਕਰ ਦਿੱਤਾ ਹੈ। ਅਨੁਰਾਗ ਕਸ਼ਯਪ ਨੇ ਕਿਹਾ ਹੈ ਕਿ ਜਦੋਂ ਤੱਕ ਕੁਨਾਲ ਕਾਮਰਾ ਉੱਤੇ ਪਾਬੰਦੀ ਹਟਾਈ ਨਹੀਂ ਜਾਂਦੀ, ਉਹ ਇੰਡੀਗੋ ਉਡਾਣ 'ਚ ਸਫਰ ਨਹੀਂ ਕਰਨਗੇ। ਫ਼ਿਲਮ ਨਿਰਦੇਸ਼ਕ ਸਵੇਰੇ ਵਿਸਤਾਰਾ ਦੀ ਇੱਕ ਉਡਾਣ ਲੈ ਕੇ ਇੱਕ ਪ੍ਰੋਗਰਾਮ ਲਈ ਕੋਲਕਾਤਾ ਆਇਆ ਤੇ ਸ਼ਹਿਰ ਵਿੱਚ ਪ੍ਰੋਗਰਾਮ ਤੋਂ ਸੱਤ ਘੰਟੇ ਪਹਿਲਾਂ ਹੀ ਪਹੁੰਚ ਗਿਆ। ਉਸ ਨੇ ਪਹਿਲਾਂ ਦੁਪਹਿਰ ਦੀ ਇੰਡੀਗੋ ਉਡਾਣ ਬੁੱਕ ਕੀਤੀ ਹੋਈ ਸੀ।


ਫ਼ਿਲਮ ਨਿਰਮਾਤਾ ਨੇ ਇੱਕ ਇੰਟਰਵਿਊ ਦੌਰਾਨ ਦ ਟੈਲੀਗ੍ਰਾਫ ਨੂੰ ਕਿਹਾ, “ਪ੍ਰਬੰਧਕਾਂ ਦੁਆਰਾ ਮੈਨੂੰ ਦਮ ਦਮ ਆਉਣ ਲਈ ਇੰਡੀਗੋ ਜਹਾਜ਼ ਬੁੱਕ ਕੀਤਾ ਗਿਆ ਸੀ। ਕਾਮਰਾ ਉੱਤੇ ਪਾਬੰਦੀ ਲਾਏ ਜਾਣ ਤੋਂ ਬਾਅਦ ਮੈਂ ਪ੍ਰਬੰਧਕਾਂ ਨੂੰ ਕਿਹਾ ਕਿ ਮੈਂ ਇੰਡੀਗੋ 'ਚ ਨਹੀਂ ਆਵਾਂਗਾ। ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਇਸ ਹਵਾਈ ਜਹਾਜ਼ 'ਚ ਸਫਰ ਨਹੀਂ ਕਰਾਂਗਾ ਕਿਉਂਕਿ ਮੇਰੇ ਮੁਤਾਬਕ ਕੁਨਾਲ ਕਾਮਰਾ ਤੇ ਲੱਗੀ ਪਾਬੰਦੀ ਵਾਜ਼ਬ ਨਹੀਂ ਹੈ।”

ਇਸ ਤੋਂ ਪਹਿਲਾਂ, ਕੁਨਾਲ ਨੇ ਵਿਸਤਾਰਾ ਦੀ ਉਡਾਣ ਲੈਂਦੇ ਹੋਏ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਅਪਡੇਟ ਕੀਤੀ, ਉਨ੍ਹਾਂ ਲਿਖਿਆ ਸੀ "ਮੇਰੀ ਏਅਰਪੋਰਟ ਲੁੱਕ @airvistara ਦਾ ਧੰਨਵਾਦ ... # ਲਵਵਿਸਟਾਰਾ।"