ਨਵੀਂ ਦਿੱਲੀ: ਮੰਗਲਵਾਰ ਬਜਟ ਸੈਸ਼ਨ ਦਾ ਚੌਥਾ ਦਿਨ ਹੈ। ਸੰਸਦ 'ਚ ਵਿਰੋਧੀ ਧਿਰਾਂ ਨੇ ਇੱਕ ਵਾਰ ਫਿਰ ਸੀਏਏ ਤੇ ਐਨਆਰਸੀ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਭਾਜਪਾ ਨੇਤਾ ਤੇ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਪਹਿਲੀ ਵਾਰ ਸੰਸਦ 'ਚ ਐਨਆਰਸੀ ਬਾਰੇ ਬਿਆਨ ਦਿੱਤਾ। ਉਨ੍ਹਾਂ ਨੇ ਲੋਕ ਸਭਾ ਵਿੱਚ ਕਿਹਾ ਕਿ ਸਰਕਾਰ ਨੇ ਕੌਮੀ ਪੱਧਰ ‘ਤੇ ਐਨਆਰਸੀ ਲਾਗੂ ਕਰਨ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ।


ਇਸ ਤੋਂ ਪਹਿਲਾਂ ਲੋਕ ਸਭਾ ‘ਚ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਵੀ ਮਹਾਤਮਾ ਗਾਂਧੀ ਬਾਰੇ ਭਾਜਪਾ ਨੇਤਾ ਅਨੰਤਕੁਮਾਰ ਹੇਗੜੇ ਦੀ ਟਿਪਣੀ ‘ਤੇ ਹੰਗਾਮਾ ਖੜ੍ਹਾ ਕਰ ਦਿੱਤਾ ਸੀ। ਇਸ ਕਾਰਨ ਸੰਸਦ ਨੂੰ ਦੁਪਹਿਰ ਤੱਕ ਮੁਲਤਵੀ ਕਰਨਾ ਪਿਆ। ਹੇਗੜੇ ਨੇ ਐਤਵਾਰ ਨੂੰ ਕਿਹਾ ਕਿ ਮਹਾਤਮਾ ਗਾਂਧੀ ਦੀ ਸੁਤੰਤਰਤਾ ਅੰਦੋਲਨ ਇੱਕ ਨਾਟਕ ਸੀ। ਇਸ ‘ਤੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ, "ਭਾਜਪਾ ਪਾਰਟੀ, ਗੌਡਸੇ ਪਾਰਟੀ ਦੇ ਪੋਸਟਰ ਲਹਿਰਾਏ।"

ਦੂਜੇ ਪਾਸੇ, ਸੀਏਏ-ਐਨਆਰਸੀ ਦੀਆਂ ਘਟਨਾਵਾਂ ਤੇ ਦਿੱਲੀ 'ਚ ਤਾਜ਼ਾ ਗੋਲੀਬਾਰੀ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਰਾਜ ਸਭਾ 'ਚ ਹੰਗਾਮਾ ਕੀਤਾ। ਸੋਮਵਾਰ ਨੂੰ ਸਦਨ ''ਫਾਇਰਿੰਗ ਰੋਕੋ' ਦੇ ਨਾਅਰੇ ਲੱਗੇ।