ਚੰਡੀਗੜ੍ਹ: ਪੰਜ ਦਰਿਆਵਾਂ ਦੀ ਧਰਤੀ 'ਤੇ ਕੈਂਸਰ ਦਾ ਕਹਿਰ ਵਧਦਾ ਜਾ ਰਿਹਾ ਹੈ। ਮਾਲਵੇ ਮਗਰੋਂ ਹੁਣ ਮਾਝਾ ਤੇ ਦੁਆਬਾ ਵੀ ਇਸ ਦੀ ਮਾਰ ਹੇਠ ਆ ਰਿਹਾ ਹੈ। ਪੰਜਾਬ ਦੇ ਹਰ ਪਿੰਡ ਵਿੱਚ ਹੁਣ ਕੈਂਸਰ ਨੇ ਪੈਰ ਪਸਾਰ ਲਏ ਹਨ। ਸਰਕਾਰੀ ਸਰਵੇ ਅਨੁਸਾਰ ਪੰਜਾਬ ਨੂੰ ਕੈਂਸਰ ਦੇ ਮਾਮਲੇ ਵਿੱਚ ਦੇਸ਼ ਦੀ ਰਾਜਧਾਨੀ ਵੀ ਕਿਹਾ ਜਾਣ ਲੱਗ ਪਿਆ ਹੈ।
ਇਹ ਵੀ ਹੈਰਾਨੀ ਵਾਲੀ ਗੱਲ਼ ਹੈ ਕਿ ਪਾਣੀਆਂ ਦੀ ਧਰਤੀ ਹੋਣ ਕਰਕੇ ਪੰਜਾਬ ਦੇਸ਼ ਦਾ ਅੰਨ੍ਹਦਾਤਾ ਬਣਿਆ ਤੇ ਹੁਣ ਮਨੁੱਖ ਵੱਲੋਂ ਪਲੀਤ ਕੀਤੇ ਪਾਣੀ ਨਾਲ ਹੀ ਕੈਂਸਰ ਵੱਡਾ ਖ਼ਤਰਾ ਬਣ ਗਿਆ ਹੈ। ਫੈਕਟਰੀਆਂ ਦਾ ਕੈਮੀਕਲ ਵਾਲੇ ਪਾਣੀ ਦੀ ਨਦੀਆਂ ਤੇ ਦਰਿਆਵਾਂ ਵਿੱਚ ਨਿਕਾਸੀ ਤੇ ਖੇਤਾਂ ਵਿੱਚ ਲੋੜੋਂ ਵੱਧ ਕੀਟਨਾਸ਼ਕਾਂ ਤੇ ਖਾਦਾਂ ਦੀ ਵਰਤੋਂ ਕੈਂਸਰ ਦੀ ਕਾਰਨ ਬਣ ਰਹੇ ਹਨ। ਤਿੰਨ ਦਹਾਕਿਆਂ ਬਾਅਦ ਵੀ ਪੰਜਾਬ ਦੀ ਕਿਸੇ ਵੀ ਸਰਕਾਰ ਨੇ ਇਸ ਪਾਸੇ ਕੋਈ ਠੋਸ ਕਦਮ ਨਹੀਂ ਚੁੱਕਿਆ।
ਦੱਸ ਦਈਏ ਕਿ ਪਹਿਲਾਂ ਮਾਲਵਾ ਖਿੱਤਾ ਹੀ ਕੈਂਸਰ ਵਜੋਂ ਜਾਣਿਆ ਜਾਂਦਾ ਸੀ ਪਰ ਕੈਂਸਰ ਨੇ ਮਾਝੇ ਤੇ ਦੁਆਬੇ ਦੇ ਪਿੰਡਾਂ ਵਿੱਚ ਵੀ ਆਪਣੇ ਪੈਰ ਪਸਾਰ ਲਏ ਹਨ। ਪਿਛਲੇ ਦਹਾਕੇ ਤੋਂ ਇਨ੍ਹਾਂ ਦੋਵਾਂ ਖਿੱਤਿਆਂ ਵਿੱਚ ਕੈਂਸਰ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਦੁਆਬੇ ’ਚ ਸਭ ਤੋਂ ਵੱਧ ਜ਼ਿਲ੍ਹਾ ਕਪੂਰਥਲਾ ’ਚ ਕੈਂਸਰ ਦੇ ਮਰੀਜ਼ ਹਨ।
ਜਲੰਧਰ ਦੀ ਕਾਲਾ ਸੰਘਿਆਂ ਡਰੇਨ ਵਿੱਚ ਫੈਕਟਰੀਆਂ ਦੇ ਪੈ ਰਹੇ ਜ਼ਹਿਰੀਲੇ ਪਾਣੀ ਕਾਰਨ ਇਸ ਦੇ ਕੰਢੇ ਵੱਸਣ ਵਾਲੇ ਪਿੰਡਾਂ ਵਿੱਚ ਕੋਈ ਘਰ ਅਜਿਹਾ ਨਹੀਂ ਜਿਥੇ ਕੈਂਸਰ ਨਾਲ ਮੌਤ ਨਾ ਹੋਈ ਹੋਵੇ ਤੇ ਘਰ ਵਿੱਚ ਕੈਂਸਰ ਦਾ ਮਰੀਜ਼ ਨਾ ਹੋਵੇ। ਕਾਲਾ ਸੰਘਿਆਂ ਡਰੇਨ ਕੰਢੇ ਵੱਸਦੇ ਗਿੱਲਾਂ, ਚਮਿਆਰਾ, ਗਾਜ਼ੀਪੁਰ ਅਜਿਹੇ ਪਿੰਡ ਹਨ ਜਿਥੇ ਕੈਂਸਰ ਨਾਲ ਦਰਜਨਾਂ ਮੌਤਾਂ ਹੋਈਆਂ ਹਨ।
ਕਾਲਾ ਸੰਘਿਆਂ ਡਰੇਨ ਵਿਚ ਫੈਕਟਰੀਆਂ ਵੱਲੋਂ ਸੁੱਟੇ ਜਾ ਰਹੇ ਜ਼ਹਿਰੀਲੇ ਪਾਣੀਆਂ ਵਿੱਚ ਕਿਸੇ ਸਮੇਂ ਸਾਇਨਾਈਡ ਦੇ ਤੱਤ ਵੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਰਿਪੋਰਟਾਂ ਵਿੱਚ ਆਏ ਸਨ। ਇਸ ਵਿਚ ‘ਈ’ ਗਰੇਡ ਦਾ ਪਾਣੀ ਵੀ ਵਗਦਾ ਰਿਹਾ ਹੈ ਜੋ ਮਨੁੱਖੀ ਸਰੀਰ ਲਈ ਸਭ ਤੋਂ ਘਾਤਕ ਹੈ।
ਸਾਲ 2008 ਤੋਂ ਕਾਲਾ ਸੰਘਿਆਂ ਡਰੇਨ ’ਚ ਪੈ ਰਹੀਆਂ ਜ਼ਹਿਰਾਂ ਵਿਰੁੱਧ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਪੀੜਤ ਪਿੰਡਾਂ ਦੇ ਲੋਕਾਂ ਨੂੰ ਲੈ ਕੇ ਪ੍ਰਦਰਸ਼ਨ ਕਰਦੇ ਆ ਰਹੇ ਹਨ। ਦੱਸਣਾ ਬਣਦਾ ਹੈ ਕਿ ਕੈਂਸਰ ਵਿਰੁੱਧ ਲੜਾਈ ਲੜ ਰਹੇ ਸੰਤ ਸੀਚੇਵਾਲ ਦੇ ਆਪਣੇ ਪਿੰਡ ਸੀਚੇਵਾਲ ਵਿੱਚ ਵੀ ਕੈਂਸਰ ਨਾਲ 25 ਮੌਤਾਂ ਹੋ ਚੁੱਕੀਆਂ ਹਨ ਤੇ ਤਿੰਨ ਮਰੀਜ਼ ਮੰਜਿਆਂ ’ਤੇ ਹਨ।
ਪਿੰਡ ਜਹਾਂਗੀਰ ਨੇੜਿਉਂ ਲੰਘਦੀ ਚਿੱਟੀ ਵੇਈਂ ਦੇ ਪ੍ਰਦੂਸ਼ਿਤ ਪਾਣੀ ਤੇ ਕੈਂਸਰ ਕਾਰਨ ਪਿੰਡ ਵਿਚ 20 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਤੇ ਚਾਰ ਮਰੀਜ਼ ਕੈਂਸਰ ਤੋਂ ਪੀੜਤ ਹਨ। ਕਾਲਾ ਸੰਘਿਆਂ ਡਰੇਨ ਮਲਸੀਆਂ ਨੇੜੇ ਚਿੱਟੀ ਵੇਈਂ ਵਿਚ ਰਲ ਜਾਂਦੀ ਹੈ ਤੇ ਚਿੱਟੀ ਵੇਈਂ ਅੱਗਿਉਂ ਸਤਲੁਜ ਵਿਚ ਰਲ ਜਾਂਦੀ ਹੈ।
ਲੁਧਿਆਣਾ ਸ਼ਹਿਰ ਵਿਚੋਂ ਆਉਂਦਾ ਬੁੱਢਾ ਨਾਲਾ ਵਲੀਪੁਰ ਕਲਾਂ ਨੇੜੇ ਆ ਕੇ ਸਤਲੁਜ ਦਰਿਆ ਵਿਚ ਮਿਲਦਾ ਹੈ। ਇਸ ਪਿੰਡ ਵਿੱਚ ਵੀ 32 ਤੋਂ ਵੱਧ ਮੌਤਾਂ ਕੈਂਸਰ ਨਾਲ ਹੋ ਚੁੱਕੀਆਂ ਹਨ। ਲੁਧਿਆਣੇ ਦੇ ਬੁੱਢੇ ਨਾਲੇ ਦੇ ਨਾਲ ਹੀ ਵੱਸਦਾ ਪਿੰਡ ਗੌਂਸਪੁਰ ਵੀ ਕੈਂਸਰ ਦੀ ਮਾਰ ਤੋਂ ਬਚ ਨਹੀਂ ਸਕਿਆ।
ਪੰਜ ਦਰਿਆਵਾਂ ਦੀ ਧਰਤੀ 'ਤੇ ਕੈਂਸਰ ਦਾ ਕਹਿਰ
ਏਬੀਪੀ ਸਾਂਝਾ
Updated at:
04 Feb 2020 01:53 PM (IST)
ਪੰਜ ਦਰਿਆਵਾਂ ਦੀ ਧਰਤੀ 'ਤੇ ਕੈਂਸਰ ਦਾ ਕਹਿਰ ਵਧਦਾ ਜਾ ਰਿਹਾ ਹੈ। ਮਾਲਵੇ ਮਗਰੋਂ ਹੁਣ ਮਾਝਾ ਤੇ ਦੁਆਬਾ ਵੀ ਇਸ ਦੀ ਮਾਰ ਹੇਠ ਆ ਰਿਹਾ ਹੈ। ਪੰਜਾਬ ਦੇ ਹਰ ਪਿੰਡ ਵਿੱਚ ਹੁਣ ਕੈਂਸਰ ਨੇ ਪੈਰ ਪਸਾਰ ਲਏ ਹਨ। ਸਰਕਾਰੀ ਸਰਵੇ ਅਨੁਸਾਰ ਪੰਜਾਬ ਨੂੰ ਕੈਂਸਰ ਦੇ ਮਾਮਲੇ ਵਿੱਚ ਦੇਸ਼ ਦੀ ਰਾਜਧਾਨੀ ਵੀ ਕਿਹਾ ਜਾਣ ਲੱਗ ਪਿਆ ਹੈ।
- - - - - - - - - Advertisement - - - - - - - - -