ਚੰਡੀਗੜ੍ਹ: ਰਣਬੀਰ ਕਪੂਰ ਤੋਂ ਬਾਅਦ ਹੁਣ ਪ੍ਰਸਿੱਧ ਫਿਲਮ ਨਿਰਮਾਤਾ ਤੇ ਜਲਦੀ ਹੀ ਰਿਲੀਜ਼ ਹੋਣ ਵਾਲੀ ਫਿਲਮ 'ਗੰਗੂਬਾਈ ਕਾਠਿਆਵਾੜੀ' ਦੇ ਨਿਰਦੇਸ਼ਕ ਸੰਜੇ ਲੀਲਾ ਬੰਸਾਲੀ ਵੀ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਏ ਹਨ।

ਫਿਲਮ ਨਾਲ ਜੁੜੇ ਭਰੋਸੇਮੰਦ ਸੂਤਰ ਨੇ 'ਏਬੀਪੀ ਨਿਊਜ਼' ਨੂੰ ਦੱਸਿਆ ਹੈ ਕਿ ਇਨ੍ਹੀਂ ਦਿਨੀਂ ਸੰਜੇ ਲੀਲਾ ਬੰਸਾਲੀ ਦੀ ਸ਼ੂਟਿੰਗ ਰੋਕ ਦਿੱਤੀ ਗਈ ਹੈ ਕਿਉਂਕਿ ਉਹ ਕੋਰੋਨਾ ਪੌਜ਼ੇਟਿਵ ਆਏ ਹਨ। ਫਿਲਹਾਲ ਇਸ ਫਿਲਮ ਦੀ ਸ਼ੂਟਿੰਗ ਮੁੰਬਈ 'ਚ ਫਿਲਮ ਸਿਟੀ ਵਿਖੇ ਚੱਲ ਰਹੀ ਸੀ। ਦੱਸਿਆ ਜਾਂਦਾ ਹੈ ਕਿ ਕੋਰੋਨਾ ਦੀ ਪਕੜ ਕਾਰਨ ਸੰਜੇ ਲੀਲਾ ਬੰਸਾਲੀ ਨੇ ਖੁਦ ਨੂੰ ਆਪਣੇ ਘਰ ਵਿੱਚ ਕੁਆਰੰਟੀਨ ਕਰ ਲਿਆ ਹੈ।


ਜ਼ਿਕਰਯੋਗ ਹੈ ਕਿ 24 ਫਰਵਰੀ ਨੂੰ ਆਲੀਆ ਭੱਟ ਦੀ ‘ਗੰਗੂਬਾਈ ਕਠਿਆਵਾੜੀ’ਦਾ ਟੀਜ਼ਰ ਰਿਲੀਜ਼ ਹੋਇਆ ਸੀ। ਇਸ ਟੀਜ਼ਰ ਰਾਹੀਂ ਇਸ ਫਿਲਮ ਦੀ ਰਿਲੀਜ਼ ਦੀ ਨਵੀਂ ਤਰੀਕ ਦਾ ਵੀ ਐਲਾਨ ਕੀਤਾ ਗਿਆ ਸੀ। ਪਹਿਲਾਂ ਇਹ ਫਿਲਮ 11 ਸਤੰਬਰ, 2020 ਨੂੰ ਰਿਲੀਜ਼ ਕੀਤੀ ਜਾਣੀ ਸੀ, ਪਰ ਕੋਰੋਨਾ ਮਹਾਮਾਰੀ ਦੇ ਕਾਰਨ, ਇਹ ਫਿਲਮ ਹੁਣ 30 ਜੁਲਾਈ, 2021 ਨੂੰ ਦੇਸ਼ ਭਰ ਵਿੱਚ ਰਿਲੀਜ਼ ਹੋਵੇਗੀ।