ਅੰਮ੍ਰਿਤਸਰ: ਬਾਲੀਵੁੱਡ ਦੇ ਚੋਟੀ ਦੇ ਗਾਇਕ ਤੇ ਅੰਮ੍ਰਿਤਸਰ ਦੀ ਧਰਤੀ ਨਾਲ ਸਰੋਕਾਰ ਰੱਖਣ ਵਾਲੇ ਸੁਖਵਿੰਦਰ ਸਿੰਘ ਮੰਗਲਵਾਰ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਪਹੁੰਚੇ। ਇਸ ਮੌਕੇ ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ ਥੀਮ ਸ਼ਬਦ ਰਿਲੀਜ਼ ਕੀਤਾ, ਜੋ ਖੁਦ ਉਨ੍ਹਾਂ ਵੱਲੋਂ ਹੀ ਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਨਾਲ ਉਨ੍ਹਾਂ ਦਾ ਦਿਲ ਦਾ ਨਾਤਾ ਹੈ। ਜੋ ਖੁਸ਼ੀ ਉਨ੍ਹਾਂ ਨੂੰ ਇੱਥੇ ਆ ਕੇ ਮਿਲਦੀ ਹੈ, ਉਹ ਸ਼ਬਦਾਂ 'ਚ ਨਹੀਂ ਬਿਆਨ ਨਹੀਂ ਕਰ ਸਕਦੇ। ਸੁਖਵਿੰਦਰ ਨੇ ਦੱਸਿਆ ਕਿ ਇਹ ਬਹੁਤ ਕਰਮਾਂ ਵਾਲਾ ਸਮਾਂ ਸੀ ਜਦ ਉਨ੍ਹਾਂ ਨੂੰ ਇਸ ਥੀਮ ਸ਼ਬਦ ਲਈ ਚੁਣਿਆ ਗਿਆ ਕਿਉਂਕਿ ਜਦ ਉਹ 8-9 ਸਾਲ ਦੇ ਸੀ ਤਾਂ ਉਨ੍ਹਾਂ ਇਹ ਸ਼ਬਦ ਗੁਰਦੁਆਰਾ ਮੰਜੀ ਸਾਹਿਬ ਵਿਖੇ ਤੋਤਲੀ ਆਵਾਜ਼ ਵਿੱਚ ਗਾਇਆ ਸੀ। ਸ੍ਰੀ ਦਰਬਾਰ ਸਾਹਿਬ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਸੁਖਵਿੰਦਰ ਨੇ ਦੱਸਿਆ ਕਿ ਜਦ ਵੀ ਉਨ੍ਹਾਂ ਨੂੰ ਮੌਕਾ ਮਿਲਦਾ ਹੈ ਤਾਂ ਉਹ ਗੁਰੂ ਘਰ ਦੇ ਦਰਸ਼ਨ ਕਰਨ ਲਈ ਇੱਥੇ ਆਉਂਦੇ ਹਨ। ਸੁਖਵਿੰਦਰ ਨੇ ਦੱਸਿਆ ਇੱਕ ਵਾਰ ਉਹ ਬਾਲਾ ਸਾਹਿਬ ਠਾਕਰੇ ਨੂੰ ਮਿਲਣ ਗਏ ਤਾਂ ਉਨ੍ਹਾਂ ਪੁੱਛਿਆ ਕਿ ਉਨ੍ਹਾਂ ਨੇ ਸੁਣਿਆ ਹੈ ਕਿ ਦਰਬਾਰ ਸਾਹਿਬ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਲੋਕਾਂ ਦੀਆਂ ਬਿਮਾਰੀਆਂ ਤੇ ਕਸ਼ਟ ਦੂਰ ਹੋ ਜਾਂਦੇ ਹਨ, ਤਾਂ ਕੀ ਇਸ ਗੱਲ ਦੀ ਅੱਜ ਵੀ ਓਨੀ ਹੀ ਸੱਚਾਈ ਹੈ। ਇਸ 'ਤੇ ਉਨ੍ਹਾਂ ਕਿਹਾ ਕਿ ਬਿਲਕੁਲ, ਅੱਜ ਵੀ ਉਸੇ ਤਰ੍ਹਾਂ ਹੈ ਤੇ ਇਸ ਦੀ ਜਿਉਂਦੀ ਜਾਗਦੀ ਮਿਸਾਲ ਉਹ ਖੁਦ ਹਨ। ਉਨ੍ਹਾਂ ਦੱਸਿਆ ਕਿ ਇੱਥੇ ਇਸ਼ਨਾਨ ਕਰਨ ਤੋਂ ਬਾਅਦ ਹੀ ਉਨ੍ਹਾਂ ਦੇ ਸਾਰੇ ਦੁੱਖ ਦਰਦ ਦੂਰ ਹੋ ਗਏ ਤੇ ਇੱਕ ਹਫ਼ਤੇ ਦੇ ਵਿੱਚ ਹੀ ਉਨ੍ਹਾਂ ਦੀ ਸਾਰੀ ਜ਼ਿੰਦਗੀ ਬਦਲ ਗਈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਗੁਰੂ ਨਾਨਕ ਦੇਵ ਜੀ ਦੇ ਜਨਮ ਸ਼ਤਾਬਦੀ ਨੂੰ ਸਮਰਪਿਤ ਕਿਸੇ ਵੀ ਸਮਾਗਮ ਲਈ ਯਾਦ ਕਰੇਗੀ ਤਾਂ ਉਹ ਹਰ ਵੇਲੇ ਹਾਜ਼ਰ ਰਹਿਣਗੇ।