ਹੈਦਰਾਬਾਦ: ਭਾਰਤੀ ਫਿਲਮ ਇੰਡਸਟਰੀ ਦੀ ਕਮਾਈ 2020 ਤੱਕ ਵਧ ਕੇ 3.7 ਅਰਬ ਡਾਲਰ (ਕਰੀਬ 2.5 ਖਰਬ ਰੁਪਏ) ਤੱਕ ਪਹੁੰਚਣ ਦੀ ਉਮੀਦ ਹੈ। ਇਹ ਦਾਅਵਾ ਡੇਲੋਏਟੇ ਇੰਡੀਵੁੱਡ ਦੀ ਰਿਪੋਰਟ 'ਚ ਕੀਤਾ ਗਿਆ ਹੈ। ਇਹ ਰਿਪੋਰਟ ਹੈਦਰਾਬਾਦ 'ਚ ਰਾਮੋਜੀ ਫਿਲਮ ਸਿਟੀ ਵਿੱਚ ਇੰਡੀਵੁੱਡ ਫਿਲਮ ਕਾਰਨੀਵਲ ਵਿੱਚ ਜਾਰੀ ਕੀਤੀ ਗਈ।

ਰਿਪੋਰਟ ਮੁਤਾਬਕ ਮਾਲੀਆ ਦੇ ਮਾਮਲੇ ਵਿੱਚ ਫਿਲਮ ਉਦਯੋਗ ਦੀ ਬਾਕਸ ਆਫਿਸ ਦੀ ਕਮਾਈ 2.1 ਅਰਬ ਡਾਲਰ ਹੈ, ਜਿਸ ਦੇ 2020 ਤੱਕ 3.7 ਅਰਬ ਡਾਲਰ ਤੱਕ ਪਹੁੰਚਣ ਦਾ ਅੰਦਾਜ਼ਾ ਹੈ। ਭਾਰਤੀ ਫਿਲਮ ਉਦਯੋਗ ਫਿਲਮ ਨਿਰਮਾਣ ਦੀ ਗਿਣਤੀ ਦੇ ਮਾਮਲੇ ਵਿੱਚ ਦੁਨੀਆਂ ਵਿੱਚ ਸਭ ਤੋਂ ਵੱਡਾ ਹੈ। ਇੱਥੇ ਹਰ ਸਾਲ 20 ਤੋਂ ਵੱਧ ਭਾਸ਼ਾਵਾਂ ਵਿੱਚ 1500 ਤੋਂ 2000 ਫਿਲਮਾਂ ਬਣਦੀਆਂ ਹਨ।

ਫਿਲਮ ਉਦਯੋਗ ਦੀ ਕਮਾਈ ਵਿੱਚ ਮੁੱਖ ਯੋਗਦਾਨ ਘਰੇਲੂ ਬਾਕਸ ਆਫਿਸ ਤੋਂ ਹੋਣ ਵਾਲੀ ਕਮਾਈ ਦਾ ਹੈ, ਜਿਹੜਾ ਕਿ ਕੁੱਲ ਉਦਯੋਗ ਦਾ 74 ਫੀਸਦੀ ਹੈ। ਰਿਪੋਰਟ ਮੁਤਾਬਕ ਕੇਬਲ ਤੇ ਸੇਟੇਲਾਈਟ ਅਧਿਕਾਰ ਤੇ ਆਨਲਾਈਨ/ਡਿਜੀਟਲ ਮਾਲੀਆ ਤੇਜ਼ੀ ਨਾਲ ਵਧਦੇ ਖਿੱਤੇ ਹਨ। ਭਾਰਤੀ ਫਿਲਮ ਉਦਯੋਗ ਵਿੱਚ ਬਾਲੀਵੁੱਡ ਦੀ ਝੰਡੀ ਹੈ। ਉਦਯੋਗ ਦੀ ਕੁੱਲ ਕਮਾਈ ਦਾ 43 ਫੀਸਦੀ ਬਾਲੀਵੁੱਡ ਤੋਂ ਆਉਂਦੀ ਹੈ, ਜਦਕਿ ਖੇਤਰੀ ਫਿਲਮਾਂ ਦਾ ਯੋਗਦਾਨ 57 ਪ੍ਰਤੀਸ਼ਤ ਹੈ।