ਮੁੰਬਈ: ਫਿਲਮਕਾਰ ਕਰਨ ਜੌਹਰ ਦਾ ਕਹਿਣਾ ਹੈ ਕਿ ਅੱਤਵਾਦ ਤੇ ਕਲਾ ਦਾ ਕੋਈ ਸਬੰਧ ਨਹੀਂ। ਉੜੀ ਹਮਲੇ ਤੋਂ ਬਾਅਦ ਮਹਾਰਾਸ਼ਟਰ ਨਵ ਨਿਰਮਾਣ ਸੈਨਾ ਨੇ ਸਾਰੇ ਪਾਕਿਸਤਾਨੀ ਅਦਾਕਾਰਾਂ ਨੂੰ ਬੈਨ ਕਰਨ ਦੀ ਮੰਗ ਕੀਤੀ ਹੈ। ਕਰਨ ਜੌਹਰ ਇਸ ਗੱਲ ਨਾਲ ਬਿਲਕੁਲ ਵੀ ਇਤਫਾਕ ਨਹੀਂ ਰੱਖਦੇ। ਕਰਨ ਨੇ ਕਿਹਾ, "ਮੇਰਾ ਦਿਲ ਵੀ ਉਨ੍ਹਾਂ ਫੌਜੀਆਂ ਲਈ ਰੋਂਦਾ ਹੈ ਪਰ ਕੀ ਅਦਾਕਾਰਾਂ ਨੂੰ ਬੈਨ ਕਰਕੇ ਅੱਤਵਾਦ ਰੁਕ ਜਾਏਗਾ? ਇਸ ਲਈ ਕੁਝ ਠੋਸ ਕਦਮ ਚੁੱਕਣੇ ਹੋਣਗੇ ਸਰਕਾਰਾਂ ਨੂੰ, ਪਰ ਇਹ ਕੋਈ ਹੱਲ ਨਹੀਂ।"


ਇਸ ਦੇ ਨਾਲ ਹੀ ਕਰਨ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਕੁਝ ਕਹਿੰਦੇ ਹੋਏ ਵੀ ਡਰ ਲੱਗਦਾ ਹੈ ਕਿਉਂਕਿ ਉਨ੍ਹਾਂ ਨੂੰ ਟਾਰਗੇਟ ਬਣਾ ਲਿਆ ਜਾਏਗਾ ਤੇ ਕੰਮ ਨਹੀਂ ਕਰਨ ਦੇਣਗੇ। ਉਨ੍ਹਾਂ ਕਿਹਾ, "ਮੇਰੀਆਂ ਫਿਲਮਾਂ ਨੂੰ ਕੋਈ ਵੇਖੇਗਾ ਨਹੀਂ ਜਾਂ ਫਿਰ ਬਣਾਉਣ ਹੀ ਨਹੀਂ ਦੇਵੇਗਾ ਪਰ ਮੈਂ ਚਾਹੁੰਦਾ ਹਾਂ ਕਿ ਫਿਲਮਕਾਰਾਂ ਨੂੰ ਸ਼ਾਂਤੀ ਨਾਲ ਉਨ੍ਹਾਂ ਦਾ ਕੰਮ ਕਰਨ ਦਿੱਤਾ ਜਾਵੇ ਕਿਉਂਕਿ ਅਸੀਂ ਫਿਲਮਾਂ ਰਾਹੀਂ ਸਿਰਫ ਪਿਆਰ ਹੀ ਪਹੁੰਚਾਉਂਦੇ ਹਾਂ ਨਫਰਤ ਨਹੀਂ।

  


ਕਰਨ ਜੌਹਰ ਦੀ ਅਗਲੀ ਫਿਲਮ 'ਐ ਦਿਲ ਹੈ ਮੁਸ਼ਕਿਲ' ਵਿੱਚ ਉਹ ਪਾਕਿਸਤਾਨੀ ਅਦਾਕਾਰ ਫਵਾਦ ਖਾਨ ਨਾਲ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਕਈ ਪਾਕਿਸਤਾਨੀ ਅਦਾਕਾਰ ਬਾਲੀਵੁੱਡ ਦਾ ਹਿੱਸਾ ਰਹਿ ਚੁੱਕੇ ਹਨ।